ਮੋਗਾ, 13 ਫਰਵਰੀ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਨੇ ਸੂਬੇ ਵਿਚ ਆਉਂਦੀਆਂ ਮਿਉਂਸਪਲ ਚੋਣਾਂ ਜਿੱਤਣ ਲਈ ਆਪਣੇ ਗੁੰਡਿਆਂ ਨੁੰ ਵਿਰੋਧੀ ਧਿਰ ਦੇ ਸਮਰਥਕਾਂ ਨੂੰ ਵੱਢ ਟੁੱਕ ਕਰਨ ਤੇ ਮਾਰਨ ਵਾਸਤੇ ਲਗਾ ਕੇ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤ ਵਿਗਾੜ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼ਹਿਰ ਵਿਚ ਹਰਮਿੰਦਰ ਸਿੰਘ ਤੇ ਤਾਰੇਵਾਲਾ ਪਿੰਡ ਵਿਚ ਜਗਦੀਪ ਸਿੰਘ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਹਨਾਂ ਦੋਵਾਂ ਨੂੰ ਕਾਂਗਰਸੀਆਂ ਨੇ ਗੱਡੀ ਹੇਠਾਂ ਦਰੜ ਕੇ ਮਾਰ ਦਿੱਤਾ ਸੀ । ਬਾਦਲ ਨੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਭਰੋਸਾ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਯਕੀਨੀ ਬਣਾਏਗਾ ਕਿ ਇਹਨਾਂ ਨੂੰ ਨਿਆਂ ਮਿਲੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਖਬੀਰ ਬਾਦਲ ਨੈ ਕਿਹਾ ਕਿ ਦੋਵੇਂ ਹਰਮਿੰਦਰ ਤੇ ਜਗਦੀਪ ਨੁੰ ਇਕ ਐਸ ਯੂ ਵੀ ਹੇਠਾਂ ਸਿਰਫ ਇਕ ਕਰ ਕੇ ਦਰੜ ਕੇ ਮਾਰ ਦਿੱਤਾ ਗਿਆ ਕਿ ਉਹ ਅਕਾਲੀ ਸਨ ਅਤੇ ਕਾਂਗਰਸੀ ਗੁੰਡਿਆਂ ਨੂੰ ਇਹ ਪਸੰਦ ਨਹੀਂ ਸੀ ਕਿ ਕੋਈ ਵੀ ਅਕਾਲੀ ਵਰਕਰ ਮਿਉਂਸਪਲ ਚੋਣਾਂ ਵਿਚ ਪਾਰਟੀ ਲਈ ਪ੍ਰਚਾਰ ਕਰੇ। ਉਹਨਾਂ ਕਿਹਾ ਕਿ ਮੈਂ ਇਹਨਾਂ ਕਤਲਾਂ ਦੀ ਨਿਖੇਧੀ ਕਰਦਾ ਹਾਂ ਤੇ ਜ਼ਿਲ੍ਹਾ ਪੁਲਿਸ ਦੀ ਵੀ ਨਿਖੇਧੀ ਕਰਦਾ ਹਾਂ ਜੋ ਸ਼ਹਿਰ ਵਿਚ ਕਾਂਗਰਸੀ ਗੁੰਡਿਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਪ੍ਰਤੀ ਮੂਕ ਦਰਸ਼ਕ ਬਣ ਕੇ ਬੈਠੀ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਆਪਣਾ ਕੰਮ ਕੀਤਾ ਹੁੰਦਾ ਤਾਂ ਅੱਜ ਹਰਮਿੰਦਰ ਤੇ ਜਗਦੀਪ ਦੋਵੇਂ ਜਿਉਂਦੇ ਹੁੰਦੇ।
ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਗੱਲ ਕੇ ਪ੍ਰੇਸ਼ਾਨ ਹੈ ਕਿਉਂਕਿ ਉਹ ਜਾਣਦੀ ਹੈ ਕਿ ਉਸਨੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੁਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ ਤਾਂ ਜੋ ਕਿਉਹ ਕੱਲ੍ਹ ਬਾਹਰ ਨਾਲ ਨਿਕਲਣ। ਉਹਨਾਂ ਕਿਹਾ ਕਿ ਕਾਂਗਰਸ ਜਾਣਦੀ ਹੈ ਕਿਲੋਕ ਉਸਦੇ ਖਿਲਾਫ ਹਨ ਤੇ ਇਸ ਕਰ ਕੇ ਉਹ ਪੁਲਿਸ ਫੋਰਸ ਦੇ ਨਾਲ ਨਾਲ ਸਰਕਾਰੀ ਏਜੰਸੀਆਂ ਦੀ ਵਰਤੋਂ ਅਕਾਲੀ ਉਮੀਦਵਾਰਾਂ ਤੇ ਇਹਨਾਂ ਦੇ ਸਮਰਥਕਾਂ ਨੂੰ ਡਰਾਉਣ ਧਮਕਾਉਣ ਲਈ ਵਰਤ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ ਐਸ ਐਸ ਪੀ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੂੰ ਆਖਿਆ ਕਿ ਉਹ ਯਕੀਨੀ ਬਣਾਉਣ ਕਿ ਕੱਲ੍ਹ ਵੋਟਿੰਗ ਵੇਲੇ ਕਾਨੂੰਨ ਦਾ ਰਾਜ ਬਣਿਆ ਰਹੇ ਤੇ ਉਹ ਕਾਂਗਰਸੀ ਗੁੰਡਿਆਂ ਵੱਲੋਂ ਕਤਲ ਕੀਤੇ ਦੋ ਵਰਕਰਾਂ ਦੇ ਪਰਿਵਾਰਾਂ ਨੂੰ ਤੁਰੰਤ ਇਨਸਾਫ ਦੇਣ।
ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕਦੀ ਕਿਉਂਕਿ ਸੂਬੇ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ ਤੇ ਸ਼ਹਿਰੀਆਂ ਨੂੰ ਪਹਿਲਾਂ ਮਿਲ ਰਹੀਆਂ ਸਹੂਲਤਾਂ ਵੀ ਬੰਦ ਹੋ ਗਈਆਂ ਹਨ। ਉਹਨਾਂ ਕਿਹਾ ਕਿ ਆਮ ਆਦਮੀ ਨੂੰ ਬਿਜਲੀ ਦਰਾਂ ਵਿਚ 30 ਫੀਸਦੀ ਦੀ ਮਾਰ ਝੱਲਣੀ ਪੈ ਰਹੀ ਹੈ ਜਦਕਿ ਗਰੀਬਾਂ ਨੂੰ ਵਧਾ ਚੜ੍ਹਾ ਕੇ ਬਿੱਲ ਮਿਲ ਰਹੇ ਹਨ।
ਇਸ ਮੌਕੇ ਸ੍ਰੀ ਬਾਦਲ ਦੇ ਨਾਲ ਬਰਜਿੰਦਰ ਸਿੰਘ ਬਰਾੜ ਵੀ ਸਨ।