ਗ਼ੈਰਹਾਜ਼ਰ ਰਹਿਣ ਵਾਲਿਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ
ਰਿਟਰਨਿੰਗ ਅਫਸਰਾਂ 'ਤੇ ਬੇਲੋੜਾ ਦਬਾਅ ਪਾਉਣ ਦੀ ਕੋਸ਼ਿਸ਼ ਕਰਨ 'ਤੇ ਕੀਤੀ ਜਾਵੇਗੀ ਸਖਤ ਕਾਰਵਾਈ
ਐਸ.ਏ.ਐਸ.ਨਗਰ, 8 ਫਰਵਰੀ 2021 - ਲੰਕਤੰਤਰੀ ਢਾਂਚੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਦਾ ਪ੍ਰਬੰਧਨ ਕਰਨਾ ਪ੍ਰਸ਼ਾਸਨ ਦਾ ਸਭ ਤੋਂ ਜ਼ਰੂਰੀ ਫਰਜ਼ ਹੈ। ਜੇਕਰ ਕਿਸੇ ਵੀ ਅਧਿਕਾਰੀ/ਕਰਮਚਾਰੀ ਨੇ ਆਪਣੀ ਡਿਊਟੀ ਵਿਚ ਕੁਤਾਹੀ ਕੀਤੀ ਜਾਂ ਡਿਊਟੀ ਤੋਂ ਜਾਣ ਬੁੱਝ ਕੇ ਗੈਰਹਾਜ਼ਰ ਰਹਿੰਦਾ ਹੈ ਤਾਂ ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣਕਾਰ ਅਫਸਰ ਸ੍ਰੀ ਗਿਰੀਸ਼ ਦਿਆਲਾਨ ਨੇ ਅੱਜ ਇਥੇ ਅਗਾਮੀ ਮਿਊਂਸੀਪਲ ਚੋਣਾਂ ਦੀ ਤਿਆਰੀ ਦੀ ਸਮੀਖਿਆ ਕਰਨ ਲਈ ਕੀਤੀ ਇਕ ਮੀਟਿੰਗ ਦੌਰਾਨ ਕੀਤਾ।
ਸਾਰੇ ਰਿਟਰਨਿੰਗ ਅਫਸਰਾਂ ਵੱਲੋਂ ਇੱਕ ਸੂਰ ਵਿੱਚ ਦੱਸਿਆ ਗਿਆ ਹੈ ਕਿ ਡਿਊਟੀ 'ਤੇ ਤਾਇਨਾਤ ਕੁਝ ਸਟਾਫ ਬਹਾਨੇ ਬਣਾ ਕੇ ਡਿਊਟੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ । ਕੁਝ ਮਾਮਲਿਆਂ ਵਿੱਚ ਡਿਊਟੀ ਰੱਦ ਕਰਨ ਲਈ ਬਾਹਰੀ ਦਬਾਅ ਵੀ ਪਾਇਆ ਜਾ ਰਿਹਾ ਹੈ। ਇਸ ਪ੍ਰਤੀ ਰੋਹ ਜਾਹਿਰ ਕਰਦਿਆਂ ਡੀਈਓ ਨੇ ਸਪੱਸ਼ਟ ਕੀਤਾ ਕਿ ਬਾਹਰੀ ਦਬਾਅ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਚੋਣ ਪ੍ਰਕਿਰਿਆ ਵਿੱਚ ਰੁਕਾਵਟ ਵਜੋਂ ਵੇਖਿਆ ਜਾਵੇਗਾ ਅਤੇ ਅਜਿਹੇ ਮਾਮਲਿਆਂ ਵਿੱਚ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਡਿਊਟੀ ਤੋਂ ਗੈਰਹਾਜ਼ਰ ਹੋਣ ਦੀ ਸਥਿਤੀ ਵਿੱਚ ਪ੍ਰਸ਼ਾਸਨ ਉਸ ਅਧਿਕਾਰੀ /ਕਰਮਚਾਰੀ ਖ਼ਿਲਾਫ਼ ਸਬੰਧਤ ਵਿਭਾਗ ਦੇ ਪ੍ਰਬੰਧਕੀ ਸਕੱਤਰਾਂ ਕੋਲ ਵਿਭਾਗੀ ਕਾਰਵਾਈ ਲਈ ਸਿਫਾਰਸ਼ ਕਰੇਗਾ ਅਤੇ ਨਾਲ ਨਾਲ ਰਾਜ ਚੋਣ ਕਮਿਸ਼ਨ ਨੂੰ ਆਰ.ਪੀ. 1951 ਅਤੇ ਪੰਜਾਬ ਰਾਜ ਚੋਣਾਂ ਐਕਟ 1994 ਦੀਆਂ ਬਣਦੀਆਂ ਧਾਰਾਵਾਂ ਤਹਿਤ ਸਖ਼ਤ ਕਾਰਵਾਈ ਲਈ ਲਿਖੇਗਾ ।