ਬਲਵਿੰਦਰ ਸਿੰਘ ਧਾਲੀਵਾਲ
- ਜਿਲ੍ਹੇ ਅੰਦਰ ਹੁਣ ਤੱਕ 10 ਹਜ਼ਾਰ ਲੋਕਾਂ ਦੀ ਵੈਕਸੀਨੇਸ਼ਨ
ਸੁਲਤਾਨਪੁਰ ਲੋਧੀ, 18 ਮਾਰਚ 2021 - ਪੰਜਾਬ ਸਰਕਾਰ ਵਲੋਂ ਸਾਰੇ ਲੋਕਾਂ ਤੇ ਵਿਸ਼ੇਸ਼ ਕਰਕੇ ਦਿਹਾਤੀ ਖੇਤਰਾਂ ਅੰਦਰ ਵੈਕਸੀਨੇਸ਼ਨ ਦੀ ਸਹੂਲਤ ਦੇਣ ਲਈ ਸਾਰੇ ਮੁੱਢਲੇ ਸਿਹਤ ਕੇਂਦਰਾਂ ਅੰਦਰ ਵੀ ਵੈਕਸੀਨੇਸ਼ਨ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਲ੍ਹੇ ਦੇ 12 ਦਿਹਾਤੀ ਤੇ 2 ਸ਼ਹਿਰੀ ਮੁੱਢਲੇ ਸਿਹਤ ਕੇਂਦਰਾਂ ਅੰਦਰ ਵੈਕਸੀਨੇਸ਼ਨ ਸੁਰੂ ਹੋਵੇਗੀ। ਇਨ੍ਹਾਂ ਕੇਂਦਰਾਂ ਵਿਚ ਮੁੱਢਲਾ ਸਿਹਤ ਕੇਂਦਰ ਸੁਰਖਪੁਰ, ਭਾਣੋਲੰਗਾ,ਖਾਲੂ, ਢਿਲਵਾਂ, ਮਕਸੂਦਪੁਰ, ਡਡਵਿੰਡੀ , ਪਰਮਜੀਤਪੁਰ, ਕਬੀਰਪੁਰ, ਸਪਰੋੜ, ਅਠੌਲੀ, ਪਲਾਹੀ ਤੇ ਰਾਣੀਪੁਰ ਤੋਂ ਇਲਾਵਾ ਸ਼ਹਿਰੀ ਖੇਤਰਾਂ ਦੇ ਹਦੀਆਬਾਦ ਫਗਵਾੜਾ ਤੇ ਰਾਏ ਕਾ ਮੁਹੱਲਾ ਕਪੂਰਥਲਾ ਸ਼ਾਮਿਲ ਹਨ।
ਇਸ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਹੁਲ ਚਾਬਾ ਨੇ ਕਿਹਾ ਕਿ ਜਿਲ੍ਹੇ ਅੰਦਰ ਹੁਣ ਤੱਕ 10 ਹਜ਼ਾਰ ਲੋਕਾਂ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ, ਜਿਸ ਵਿਚ 3319 ਸੀਨੀਅਰ ਸਿਟੀਜ਼ਨ ਤੇ 149 ਗੰਭੀਰ ਬਿਮਾਰੀਆਂ ਵਾਲੇ ਵਿਅਕਤੀ ਵੀ ਸ਼ਾਮਿਲ ਹਨ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗੰਭੀਰ ਬਿਮਾਰੀਆਂ ਵਾਲੇ ਪੀੜ੍ਹਤਾਂ ਨੂੰ ਵੈਕਸੀਨੇਸ਼ਨ ਲਈ ਵੱਧ ਤੋਂ ਵੱਧ ਪ੍ਰੇਰਿਤ ਕਰਨ ਕਿਉਂਕਿ ਉਹ ਉੱਚ ਜ਼ੋਖਮ ਦੀ ਸ਼੍ਰੇਣੀ ਵਿਚ ਆਉਂਦੇ ਹਨ।
ਇਸ ਮੌਕੇ ਸਿਵਲ ਸਰਜਨ ਡਾ. ਸੀਮਾ ਨੇ ਦੱਸਿਆ ਕਿ ਸੁਚਾਰੂ ਟੀਕਾਕਰਨ ਲਈ ਰੂਰਲ ਮੈਡੀਕਲ ਅਫਸਰਾਂ ਨੂੰ ਉਨ੍ਹਾਂ ਮੁੱਢਲੇ ਸਿਹਤ ਕੇਂਦਰਾਂ ਵਿਚ ਤਾਇਨਾਤ ਕੀਤਾ ਗਿਆ ਹੈ, ਜਿੱਥੇ ਮੈਡੀਕਲ ਅਫਸਰ ਨਹੀਂ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਟੀਕਾਕਰਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਸੀਨੀਅਰ ਡਾਕਟਰਾਂ ਤੇ ਟੀਕਾਕਰਨ ਕਰਵਾਉਣ ਵਾਲੇ ਲੋਕਾਂ ਦੇ ਵੀਡੀਓ ਸੰਦੇਸ਼ ਸ਼ੋਸ਼ਲ ਸਾਇਟਾਂ ਉੱਪਰ ਵੀ ਸਾਂਝੇ ਕੀਤੇ ਜਾਣ।