ਹਰਜਿੰਦਰ ਸਿੰਘ ਭੱਟੀ
- ਹੁਣ ਤਕ 60 ਜਣਿਆਂ ਨੂੰ ਦਿਤੀ ਗਈ ਕੋਵਿਡ ਵੈਕਸੀਨ ਦੀ ਖ਼ੁਰਾਕ : ਡਾ. ਕੁਲਦੀਪ ਸਿੰਘ
ਬੂਥਗੜ੍ਹ, 18 ਮਾਰਚ 2021 - ਬਲਾਕ ਮੁਢਲਾ ਸਿਹਤ ਕੇਂਦਰ ਬੂਥਗੜ੍ਹ ਅਧੀਨ ਪੈਂਦੇ ਮੁਢਲਾ ਸਿਹਤ ਕੇਂਦਰ ਖ਼ਿਜ਼ਰਾਬਾਦ ਅਤੇ ਪਲਹੇੜੀ ਵਿਚ ਵੀ ਕੋਵਿਡ ਟੀਕਾਕਰਨ ਸ਼ੁਰੂ ਹੋ ਗਿਆ ਹੈ। ਦੋ ਦਿਨ ਪਹਿਲਾਂ ਪੀ.ਐਚ.ਸੀ. ਬੂਥਗੜ੍ਹ ਵਿਚ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਨੇ ਦਸਿਆ ਕਿ ਵੀਰਵਾਰ ਤੋਂ ਇਨ੍ਹਾਂ ਦੋਹਾਂ ਥਾਵਾਂ ’ਤੇ ਵੀ ਕੋਵਿਡ ਟੀਕਾਕਰਨ ਕੇਂਦਰ ਸਥਾਪਤ ਕਰ ਦਿਤੇ ਗਏ ਹਨ। ਦੋਵੇਂ ਥਾਈਂ 20 ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦੇ ਟੀਕੇ ਲਾਏ ਗਏ ਜਿਨ੍ਹਾਂ ਵਿਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਸਕੂਲ ਅਧਿਆਪਕ ਵੀ ਸ਼ਾਮਲ ਸਨ।
ਐਸ.ਐਮ.ਓ. ਨੇ ਦਸਿਆ ਕਿ ਵੀਰਵਾਰ ਤਕ ਕੁਲ 60 ਵਿਅਕਤੀਆਂ ਨੂੰ ਟੀਕੇ ਲਾਏ ਜਾ ਚੁੱਕੇ ਹਨ। ਉਨ੍ਹਾਂ ਪੀ.ਐਚ.ਸੀ. ਬੂਥਗੜ੍ਹ ਅਧੀਨ ਪੈਂਦੇ ਪਿੰਡਾਂ ਅਤੇ ਹੋਰ ਨੇੜਲੇ ਇਲਾਕਿਆਂ ਦੇ ਸੀਨੀਅਰ ਨਾਗਰਿਕਾਂ ਅਤੇ ਹੋਰ ਲਾਭਪਾਤਰੀ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਇਨ੍ਹਾਂ ਕੇਂਦਰਾਂ ਵਿਚ ਆ ਕੇ ਕੋਵਿਡ ਵੈਕਸੀਨ ਦਾ ਟੀਕਾ ਜ਼ਰੂਰ ਲਗਵਾਉਣ। ਉਨ੍ਹਾਂ ਦਸਿਆ ਕਿ ਇਸ ਵੇਲੇ ਸੀਨੀਅਰ ਨਾਗਰਿਕਾਂ ਤੋਂ ਇਲਾਵਾ 45 ਸਾਲ ਤੋਂ 60 ਸਾਲ ਵਿਚਲੇ ਵਿਅਕਤੀ ਜਿਨ੍ਹਾਂ ਨੂੰ ਕੋਈ ਗੰਭੀਰ ਬੀਮਾਰੀ ਹੋਵੇ, ਹੈਲਥ ਕੇਅਰ ਵਰਕਰਾਂ ਅਤੇ ਫ਼ਰੰਟ ਲਾਈਨ ਵਰਕਰਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ। ਡਾ. ਕੁਲਦੀਪ ਸਿੰਘ ਨੇ ਸੀਨੀਅਰ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ-ਭੈਅ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਾਲੇ ਤਕ ਕਿਸੇ ਵੀ ਵਿਅਕਤੀ ਅੰਦਰ ਇਸ ਦਾ ਮਾੜਾ ਅਸਰ ਵੇਖਣ ਨੂੰ ਨਹੀਂ ਮਿਲਿਆ।
ਟੀਕਾ ਲਗਵਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੌਕੇ ’ਤੇ ਹੀ ਰਜਿਸਟਰੇਸ਼ਨ ਕਰਵਾਈ ਜਾ ਸਕਦੀ ਹੈ। ਲਾਭਪਾਤਰੀ ਅਪਣਾ ਆਧਾਰ ਕਾਰਡ ਅਤੇ ਅਪਣਾ ਫ਼ੋਟੋ ਪਛਾਣ ਪੱਤਰ ਨਾਲ ਲੈ ਕੇ ਆਉਣ। ਸਰਕਾਰੀ ਸਿਹਤ ਸੰਸਥਾਵਾਂ ਵਿਚ ਇਹ ਟੀਕਾ ਬਿਲਕੁਲ ਮੁਫ਼ਤ ਲਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਬੀਮਾਰੀ ਦੇ ਮੁੜ ਵੱਧ ਰਹੇ ਕੇਸਾਂ ਸਬੰਧੀ ਐਸ.ਐਮ.ਓ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਇਸ ਬੀਮਾਰੀ ਦਾ ਟੀਕਾ ਬਣ ਗਿਆ ਹੈ ਪਰ ਹਾਲੇ ਵੀ ਸਾਵਧਾਨ ਰਹਿਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਨੋਡਲ ਅਫ਼ਸਰ ਡਾ. ਵਿਕਾਸ, ਡਾ. ਮਫ਼ਲੀਨ ਸਿੰਘ, ਡਾ. ਮਨੀਲਾ ਸਮੇਤ ਹੋਰ ਸਿਹਤ ਵਰਕਰ ਮੌਜੂਦ ਸਨ।