ਗੁਰਪ੍ਰੀਤ ਸਿੰਘ ਮੰਡਿਆਣੀ
- ਟਰਾਲੀਆਂ ਅਤੇ ਟਰਾਲੇ ਉਤੇ ਛੱਤਾਂ ਬਣਾ ਕੇ ਸਫ਼ਰ ਦੀ ਬਜਾਇ ਬੱਸਾਂ ਰਾਹੀਂ ਸਫ਼ਰ ਕਰਨ ਦੀ ਅਪੀਲ
ਮੋਗਾ, 19 ਮਾਰਚ 2021 - ਜ਼ਿਲ੍ਹਾ ਰੂਪਨਗਰ ਵਿਖੇ ਹੋਲਾ ਮਹੱਲਾ 24 ਮਾਰਚ ਤੋਂ 26 ਮਾਰਚ ਤੱਕ ਕੀਰਤਪੁਰ ਸਾਹਿਬ ਵਿਖੇ ਅਤੇ 27 ਤੋਂ 29 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ l ਇਸ ਮੇਲੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੋਲੇ ਮਹੱਲੇ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਟਰੱਕਾਂ ,ਟਰੈਕਟਰ-ਟਰਾਲੀਆਂ ਅਤੇ ਟਰਾਲੇ ਦੀਆਂ ਛੱਤਾ ਬਣਾ ਕੇ ਸਫ਼ਰ ਨਾ ਕੀਤੇ ਜਾਣ ਦੀ ਅਪੀਲ ਕੀਤੀ ਗਈ ਹੈ l
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕਿਹਾ ਕਿ ਸ਼ਰਧਾਲੂ ਮਾਲਵਾਹਕ ਵਾਹਨਾਂ ਵਿੱਚ ਸਫ਼ਰ ਨਾ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਜ਼ੋਖਮ ਵਿਚ ਨਾ ਪਾਉਣ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਸਫ਼ਰ ਕਰਕੇ ਹੋਲੇ ਮਹੱਲੇ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ l
ਡਿਪਟੀ ਕਮਿਸ਼ਨਰ ਨੇ ਕਿਹਾ ਕਿ "ਮੈਂ ਜ਼ਿਲ੍ਹਾ ਮੋਗਾ ਤੋਂ ਇਸ ਮੇਲੇ ਵਿੱਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਬੱਸਾਂ ਵਿਚ ਜਾਣ ਦੀ ਬੇਨਤੀ ਕਰਦਾ ਹਾਂ ਨਾ ਕਿ ਟਰੱਕਾਂ ਟਰੈਕਟਰਾਂ ਅਤੇ ਟਰਾਲੀਆਂ ਵਿਚ। ਕਿਉਂਕਿ ਕਈ ਵਾਰ ਅਜਿਹੇ ਹਾਦਸੇ ਹੁੰਦੇ ਹਨ, ਜਿਨ੍ਹਾਂ ਵਿਚ ਕੀਮਤੀ ਜਾਨਾਂ ਜਾਂਦੀਆਂ ਹਨ। ਇਸ ਦੇ ਨਾਲ ਹੀ ਮੈਂ ਸ਼ਰਧਾਲੂਆਂ ਨੂੰ ਮੇਲੇ ਦੌਰਾਨ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਦੋ ਗਜ਼ ਦੀ ਦੂਰੀ ਦੇ ਨਿਯਮ ਦੀ ਪਾਲਣਾ ਕਰਨ ਦੀ ਅਪੀਲ ਵੀ ਕਰਦਾ ਹਾਂ।'' ਉਨ੍ਹਾਂ ਕਿਹਾ ਕਿ ਮੇਲੇ ਵਿੱਚ ਅਤੇ ਲਾਜ਼ਮੀ ਤੌਰ 'ਤੇ ਮਾਸਕ ਅਤੇ ਸੈਨੀਟਾਈਜ਼ਰਜ਼ ਦੀ ਵਰਤੋਂ ਕੀਤੀ ਜਾਵੇ l