- ਕਿਹਾ, ਸਿਹਤ ਅਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਸਰਕਾਰੀ ਪ੍ਰੋਟੋਕਾਲ ਦੀ ਉਲੰਘਣਾ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ
- ਪ੍ਰਾਈਵੇਟ ਪਲਾਂਟ ਤੋਂ ਸਾਰੇ ਕੋਵਿਡ ਕੇਅਰ ਸੈਂਟਰਾਂ 'ਚ ਆਕਸੀਜਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਨੋਡਲ ਅਫ਼ਸਰ ਨਿਯੁਕਤ
ਜਲੰਧਰ 20 ਮਾਰਚ 2021 - ਸਰਕਾਰ ਵਲੋਂ ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸ਼ਖਤੀ ਕਰਦਿਆਂ ਅੱਜ ਪੁਲਿਸ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ 'ਤੇ ਜ਼ਿਲ੍ਹੇ ਭਰ ਵਿੱਚ ਲਗਾਏ ਗਏ 16 ਸਪੈਸ਼ਲ ਨਾਕਿਆਂ 'ਤੇ ਵੱਡੀ ਗਿਣਤੀ ਵਿੱਚ ਕੋਵਿਡ 19 ਦਾ ਟੈਸਟ ਕਰਵਾਉਣ ਤੋਂ ਇਲਾਵਾ ਜੁਰਮਾਨਾ ਵੀ ਭਰਨਾ ਪਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਮੁਹਿੰਮ ਚਲਾਉਣ ਦਾ ਮੁੱਖ ਮੰਤਵ ਜੋ ਲੋਕ ਕੋਵਿਡ ਪ੍ਰੋਟੋਕਾਲ ਜਿਵੇਂ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਅਤੇ ਜਨਤਕ ਥਾਵਾਂ 'ਤੇ ਥੁੱਕਣਾ ਆਦਿ ਦੀ ਪਾਲਣਾ ਕਰਨ ਸਬੰਧੀ ਲਾਪ੍ਰਵਾਹੀ ਦਿਖਾਉਂਦੇ ਹਨ ਉਨਾਂ ਅੰਦਰ ਜਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿੱਜੀ ਤੋਰ 'ਤੇ ਇਨ੍ਹਾਂ ਸਪੈਸ਼ਲ ਨਾਕਿਆਂ ਦੀ ਨਿਗਰਾਨੀ ਕਰਨ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰਨ ਤੋਂ ਇਲਾਵਾ ਉਨਾਂ ਦੇ ਕੋਵਿਡ-19 ਟੈਸਟ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਨਾਕੇ ਰੇਰੂ ਬਾਈਪਾਸ, ਮਕਸੂਦਾਂ ਚੌਕ (ਨੇੜੇ ਸਬਜ਼ੀ ਮੰਡੀ) ਨੰਗਲ ਸ਼ਾਮਾ, ਬੀ.ਐਸ.ਐਫ.ਚੌਕ, ਨੇੜੇ ਜਲੰਧਰ ਹਾਈਟਸ, ਕੰਗ ਸਾਬੂ ਨਾਕਾ, ਲਿੱਤਰਾਂ, ਬੀ.ਐਸ.ਐਨ.ਐਲ ਟਾਵਰ ਮਹਿਤਪੁਰ, ਪੁਲਿਸ ਸਟੇਸ਼ਨ ਮਹਿਤਪੁਰ, ਸੇਵਾਕੇਂਦਰ ਮਹਿਤਪੁਰ, ਉਂੱਗੀ ਨਾਕਾ/ ਸਰਕਾਰੀ ਹਸਪਤਾਲ, ਟੀ-ਪੁਆਇੰਟ ਲੋਹੀਆਂ ਖਾਸ, ਰੇਲਵੇ ਓਵਰ ਬ੍ਰਿਜ ਸ਼ਾਹਕੋਟ, ਸਲੈਚਾਂ ਚੌਕ ਸ਼ਾਹਕੋਟ, ਸਤਲੁਜ ਬ੍ਰਿਜ ਅਤੇ ਨੇੜੇ ਸਿਵਲ ਹਸਪਤਾਲ ਫਿਲੌਰ ਵਿਖੇ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਇਨਾਂ ਨਾਕਿਆਂ 'ਤੇ ਸਿਹਤ ਟੀਮਾਂ ਕੋਵਿਡ-19 ਟੈਸਟਿੰਗ ਕਿੱਟਾਂ ਨਾਲ ਮੌਜੂਦ ਸਨ ਅਤੇ ਜਿਨਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਉਨਾਂ ਦੇ ਕੋਵਿਡ-19 ਟੈਸਟ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਡਾ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਵਾਇਰਸਤੋਂ ਬਚਾਅ ਲਈ ਸੁਰੱਖਿਆ ਮਾਪਦੰਡਾਂ ਨੂੰ ਪੂਰੀ ਸਖ਼ਤੀ ਨਾਲ ਅਪਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਦੇ ਪਾਏ ਜਾਣ 'ਤੇ ਸ਼ਖਤ ਕਾਰਵਾਈ ਆਰੰਭੀ ਜਾਵੇਗੀ।
ਇਸੇ ਤਰ੍ਹਾਂ ਲੈਵਲ-2 ਅਤੇ ਲੈਵਲ-3 ਕੋਵਿਡ ਕੇਅਰ ਸੈਂਟਰਾਂ ਵਿੱਚ ਪ੍ਰਾਈਵੇਟ ਪਲਾਂਟ ਤੋਂ ਲੋੜੀਂਦੀ ਮਾਤਰਾ ਵਿੱਚ ਆਕਸੀਜਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਵਲੋਂ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ। ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਜੋਤੀ ਸ਼ਰਮਾ ਆਕਸੀਜਨ ਸਪਲਾਈ ਸਬੰਧੀ ਜੇਕਰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਨਿਪਟਾਰੇ ਲਈ ਨੋਡਲ ਅਫ਼ਸਰ ਹੋਣਗੇ । ਉਨ੍ਹਾਂ ਵਲੋਂ ਸਾਰੇ 19 ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਅਤੇ ਆਕਸੀਜਨ ਪਲਾਂਟ ਵਿਚਕਾਰ ਬਿਹਤਰ ਤਾਲਮੇਲ ਬਣਾਈ ਰੱਖਣ ਲਈ ਨੋਡਲ ਅਫ਼ਸਰ ਵੀ ਤਾਇਨਾਤ ਕੀਤੇ ਗਏ। ਇਸੇ ਤਰ੍ਹਾਂ ਸਿਹਤ, ਪੁਲਿਸ ਅਤੇ ਪ੍ਰਸ਼ਾਸਨ ਦੇ ਨੌ ਨੋਡਲ ਅਫ਼ਸਰ ਵੱਖਰੇ ਤੌਰ 'ਤੇ ਪ੍ਰਾਈਵੇਟ ਆਕਸੀਜਨ ਪਲਾਂਟਾਂ ਲਈ ਵੀ ਨਿਯੁਕਤ ਕੀਤੇ ਗਏ।