- ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵੱਖ-ਵੱਖ ਵਰਗਾਂ ਦੀਆਂ ਐਸੋਸੀਏਸ਼ਨਾ ਨਾਲ ਕੀਤੀ ਮੀਟਿੰਗ
- ਲਾਭਪਾਤਰੀਆਂ ਨੂੰ ਵੈਕਸੀਨੇਸ਼ਨ ਕਰਵਾਉਣ ਅਤੇ ਹੋਰਨਾਂ ਨੂੰ ਵੈਕਸੀਨੇਸ਼ਨ ਦੇ ਪ੍ਰਤੀ ਜਾਗਰੂਕ ਕਰਨ ਦੀ ਕੀਤੀ ਅਪੀਲ
- ਕਿਹਾ, ਕਿਸੇ ਵੀ ਉਮਰ ਵਰਗ ਦੇ ਪੱਤਰਕਾਰ, ਰੋਡਵੇਜ ਡਰਾਈਵਰ ਅਤੇ ਸਟਾਫ, ਹੋਟਲ, ਮੈਰਿਜ ਪੈਲੇਜ, ਸ਼ਰਾਬ ਦੇ ਠੇਕਿਆਂ ’ਚ ਕੰਮ ਕਰਨ ਵਾਲੇ ਮੁਲਾਜਮ, ਐਲ.ਪੀ.ਜੀ. ਗੈਸ ਡੀਲਰ, ਪੈਟਰੋਲ ਪੰਪ ਦਾ ਸਟਾਫ, ਰਾਸ਼ਨ ਡੀਪੂ ਹੋਲਡਰ, ਮੰਡੀਆਂ ’ਚ ਕੰਮ ਕਰਨ ਵਾਲੀ ਲੇਬਰ, ਆੜ੍ਹਤੀ, ਬੀ.ਐਸ.ਐਨ.ਐਲ ਅਤੇ ਪਾਵਰ ਕਾਮ ਦੇ ਮੁਲਾਜਮ ਵੀ ਕਰਵਾ ਸਕਦੇ ਹਨ ਟੀਕਾਕਰਣ
ਹੁਸ਼ਿਆਰਪੁਰ, 25 ਮਾਰਚ 2021 - ਡਿਪਟੀ ਕਮਿਸ਼ਨਰ ਨੇ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤੇ ਦੇ ਅੰਦਰ ਪ੍ਰਸ਼ਾਸਨ ਵਲੋਂ 45 ਸਾਲ ਤੋਂ ਵੱਧ ਉਮਰ ਦੇ ਵੱਖ-ਵੱਖ ਵਰਗਾਂ ਨੂੰ ਕਵਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕੀਤੀ ਜਾ ਸਕੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕੋਵਿਡ ਟੀਕਾਕਰਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਵੱਖ-ਵੱਖ ਐਸੋਸੀਏਸ਼ਨਾ ਦੇ ਅਹੁੱਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤਰਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਕਿਹਾ ਕਿ ਫਰੰਟ ਲਾਈਨ ਵਰਕਰਾਂ ਦੀ ਕੈਟਾਗਿਰੀ ਵਿੱਚ ਸ਼ਾਮਲ ਪੱਤਰਕਾਰ ਵੀ ਵੈਕਸੀਨੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰੋਡਵੇਜ ਡਰਾਈਵਰਾਂ ਅਤੇ ਸਟਾਫ, ਹੋਟਲ, ਮੈਰਿਜ ਪੈਲੇਸ, ਸ਼ਰਾਬ ਦੇ ਠੇਕਿਆਂ ਵਿੱਚ ਕੰਮ ਕਰਨ ਵਾਲੇ ਮੁਲਾਜਮ, ਮੰਡੀਆਂ ਵਿੱਚ ਕੰਮ ਕਰਨ ਵਾਲੀ ਲੇਬਰ, ਆੜ੍ਹਤੀ, ਬੀ.ਐਸ.ਐਨ.ਐਲ, ਪਾਵਰ ਕਾਮ ਦੇ ਮੁਲਾਜਮ ਵੀ ਕੋਵਿਡ ਬਚਾਅ ਸਬੰਧੀ ਟੀਕਾਕਰਣ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਕਤ ਕੈਟਾਗਿਰੀ ਨਾਲ ਸਬੰਧਤ ਲੋਕਾਂ ਨੂੰ ਵੈਕਸੀਨੇਸ਼ਨ ਲਈ ਆਪਣਾ ਪਹਿਚਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰ ’ਤੇ ਟੀਕਾਕਰਣ ਮੁਫ਼ਤ ਕੀਤਾ ਜਾ ਰਿਹਾ ਹੈ, ਜਦਕਿ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਪ੍ਰਤੀ ਡੋਜ਼ 250 ਰੁਪਏ ਦੇ ਹਿਸਾਬ ਨਾਲ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੈਮਿਸਟ ਐਸੋਸੀਏਸ਼ਨ, ਵਪਾਰ ਮੰਡਲ, ਸ਼ਾਪਕੀਪਰਸ ਐਸੋਸੀਏਸ਼ਨ, ਬਾਰ ਐਸੋਸੀਏਸ਼ਨ ਅਤੇ ਹੋਰ ਵੱਖ-ਵੱਖ ਕੈਟਾਗਿਰੀਆਂ ਦੇ ਲਈ ਵੱਖ-ਵੱਖ ਸਥਾਨਾਂ ’ਤੇ ਵਿਸ਼ੇਸ਼ ਕੈਂਪ ਲਗਵਾ ਕੇ ਵੀ ਵੈਕਸੀਨੇਸ਼ਨ ਕੀਤੀ ਜਾਵੇਗੀ। ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਵੱਖ-ਵੱਖ ਸੰਗਠਨਾ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਲਗਵਾਉਣ ਸਬੰਧੀ ਉਹ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਕੋਵਿਡ ਦੇ ਫੈਲਾਅ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਰੋਕਿਆ ਜਾ ਸਕੇ।
ਇਸ ਮੌਕੇ ’ਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸਰਬਜੀਤ ਸਿੰਘ ਬੈਂਸ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਜਨੀਸ਼ ਕੌਰ ਤੋਂ ਇਲਾਵਾ ਆਈ.ਐਮ.ਏ. ਦੇ ਜ਼ਿਲ੍ਹਾ ਪ੍ਰਧਾਲ ਡਾ. ਹਰੀਸ਼ ਬਸੀ, ਰਮਨ ਕਪੂਰ ਅਤੇ ਵੱਖ-ਵੱਖ ਐਸੋਸੀਏਸ਼ਨ ਅਤੇ ਸੰਗਠਨਾ ਦੇ ਨੁਮਾਇੰਦੇ ਵੀ ਹਾਜ਼ਰ ਸਨ।