ਗੁਰਪ੍ਰੀਤ ਸਿੰਘ ਮੰਡਿਆਣੀ
- ਡਿਪਟੀ ਕਮਿਸ਼ਨਰ ਵੱਲੋਂ ਫਰੰਟ ਲਾਈਨ ਵਰਕਰਾਂ ਅਤੇ ਹੋਰ ਯੋਗ ਵਿਅਕਤੀਆਂ ਨੂੰ ਟੀਕਾਕਰਨ ਕਰਾਉਣ ਦੀ ਅਪੀਲ
ਮੋਗਾ, 25 ਮਾਰਚ 2021- ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫਲ ਕਰਨ ਲਈ ਫੈਸਲਾ ਲਿਆ ਗਿਆ ਹੈ ਕਿ ਪਹਿਲੀ ਅਪ੍ਰੈਲ ਤੋਂ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਵੀ ਕਰੋਨਾ ਤੋਂ ਬਚਾਅ ਲਈ ਵੈਕਸੀਨ ਲਗਾਈ ਜਾਵੇਗੀ। ਸ਼੍ਰੀ ਹੰਸ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਸਿਹਤ ਵਿਭਾਗ ਨੂੰ ਟੀਕਾਕਰਨ ਅਤੇ ਸੈਂਪਲ ਲੈਣ ਵਿੱਚ ਤੇਜ਼ੀ ਕਰਨ ਦੀ ਹਦਾਇਤ ਕਰਦਿਆਂ ਸ਼੍ਰੀ ਹੰਸ ਨੇ ਕਿਹਾ ਕਿ ਮੌਜੂਦਾ ਸਮੇਂ ਕਰੋਨਾ ਦੇ ਵੱਧ ਰਹੇ ਮੁੜ੍ਹ ਖਤਰੇ ਨੂੰ ਦੇਖਦਿਆਂ ਇਹ ਜਰੂਰੀ ਹੈ ਕਿ ਵੱਧ ਤੋਂ ਵੱਧ ਯੋਗ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇ ਅਤੇ ਜਿਹਨਾਂ ਵਿਅਕਤੀਆਂ ਨੂੰ ਟੀਕਾ ਨਹੀਂ ਲਗਾਇਆ ਜਾ ਸਕਦਾ ਉਹਨਾਂ ਦੇ ਸੈਂਪਲ ਲੈਣ ਵਿੱਚ ਤੇਜ਼ੀ ਲਿਆਂਦੀ ਜਾਵੇ। ਜ਼ਿਲ੍ਹਾ ਮੋਗਾ ਵਿੱਚ ਕੰਮ ਕਰ ਰਹੇ ਸਾਰੇ ਫਰੰਟ ਲਾਈਨ ਵਰਕਰਾਂ ਅਤੇ ਹੋਰ ਯੋਗ ਵਿਅਕਤੀਆਂ ਨੂੰ ਤੁਰੰਤ ਟੀਕਾਕਰਨ ਕਰਾਉਣ ਦੀ ਅਪੀਲ ਕੀਤੀ ਹੈ।
ਉਹਨਾਂ ਜ਼ਿਲ੍ਹਾ ਮੋਗਾ ਵਿੱਚ ਕੰਮ ਕਰਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣਾ ਅਤੇ ਆਪਣੇ ਸਟਾਫ ਦਾ ਕਰੋਨਾ ਟੈਸਟ ਅਤੇ ਟੀਕਾਕਰਨ ਕਰਾਉਣਾ ਯਕੀਨੀ ਬਣਾਉਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿਸ਼ਵ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਹਿਲੀ ਅਪ੍ਰੈਲ ਤੋਂ ਹੁਣ ਹਰੇਕ ਸਰਕਾਰੀ ਅਧਿਕਾਰੀ, ਮੁਲਾਜ਼ਮ, ਅਦਾਲਤੀ ਸਟਾਫ, ਪੰਚ, ਸਰਪੰਚ, ਹੋਟਲਾਂ ਤੇ ਬਾਜ਼ਾਰਾਂ ਦੇ ਕੰਮ ਕਰਨ ਵਾਲੇ, ਦੁਕਾਨਦਾਰ ਅਤੇ 45 ਜਾਂ ਇਸ ਤੋਂ ਵੱਡੇ ਉਮਰ ਵਾਲੇ ਆਪਣਾ ਟੀਕਾਕਰਨ ਕਰਵਾ ਸਕਦੇ ਹਨ।
ਹੰਸ ਨੇ ਕਿਹਾ ਕਿ ਇਹ ਗੱਲ ਬੜੀ ਚਿੰਤਾ ਵਾਲੀ ਹੈ ਕਿ ਹੁਣ ਫਿਰ ਕਰੋਨਾ ਦੇ ਪਾਜੀਟਿਵ ਕੇਸਾਂ ਵਿੱਚ ਹਰ ਰੋਜ਼ ਤੇਜ਼ੀ ਆ ਰਹੀ ਹੈ ਜਿਸ ਲਈ ਇਸ ਮਹਾਂਮਾਰੀ ਤੋਂ ਖੁਦ ਬਚਣ ਅਤੇ ਲੋਕਾਂ ਨੂੰ ਬਚਾਉਣ ਲਈ ਟੈਸਟਿੰਗ ਕਰਾਉਣੀ ਲਾਜ਼ਮੀ ਹੈ। ਉਹਨਾਂ ਸਕੂਲ ਅਧਿਆਪਕਾਂ, ਆਂਗਣਵਾੜੀ ਸਟਾਫ, ਬੈਂਕ ਮੁਲਾਜ਼ਮਾਂ ਅਤੇ ਮੈਦਾਨੀ ਪੱਧਰ ਉੱਤੇ ਕੰਮ ਕਰਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਸਰਕਾਰੀ ਤੰਤਰ ਨੂੰ ਟੈਸਟਿੰਗ ਕਰਨ ਤੋਂ ਮਨਾਹੀ ਨਾ ਕਰਨ। ਮੀਟਿੰਗ ਵਿੱਚ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।