ਜੀ ਐਸ ਪੰਨੂ
ਪਟਿਆਲਾ, 27 ਮਾਰਚ 2021 - ਪਟਿਆਲਾ ਜ਼ਿਲ੍ਹੇ 'ਚ ਕੋਵਿਡ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੱੱਜ ਨਵੀਂ ਰਣਨੀਤੀ ਉਲੀਕਦਿਆਂ ਜਿਥੇ ਕਣਕ ਦੇ ਖਰੀਦ ਸੀਜ਼ਨ ਨਾਲ ਸਬੰਧਤ ਧੀਰਾਂ ਦੇ ਵਿਸ਼ੇਸ਼ ਟੀਕਾਕਰਨ ਦਾ ਫੈਸਲਾ ਕੀਤਾ, ਉਥੇ ਨਾਲ ਹੀ ਮੁਹਰਲੀ ਕਤਾਰ 'ਚ ਹੋ ਕੇ ਕੰਮ ਕਰ ਰਹੇ ਸਰਕਾਰੀ ਵਿਭਾਗਾਂ ਨੂੰ ਵੀ ਆਪਣਾ ਅਤੇ ਆਪਣੇ ਮੁਲਾਜ਼ਮਾਂ ਦਾ ਟੀਕਾਕਰਨ ਕਰਵਾਉਣ ਦੀ ਹਦਾਇਤ ਕਰਦਿਆ, ਇਸ ਦੀ ਰੋਜ਼ਾਨਾ ਨਿਗਰਾਨੀ ਕਰਨ ਦਾ ਨਿਰਣਾ ਵੀ ਲਿਆ ਗਿਆ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅੱਜ ਸ਼ਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਹਾਲ ਵਿਖੇ ਕੋਵਿਡ ਟੀਕਾਕਰਨ ਸਮੀਖਿਆ ਅਤੇ ਭਵਿੱਖੀ ਰਣਨੀਤੀ ਉਲੀਕਣ ਲਈ ਜ਼ਿਲ੍ਹੇ ਦੇ ਵਿਭਾਗੀ ਮੁਖੀਆਂ ਨਾਲ ਕੀਤੀ ਮੀਟਿੰਗ 'ਚ ਟੀਕਾਕਰਨ ਨੂੰ ਹੀ ਕੋਵਿਡ ਜਿਹੀ ਗੰਭੀਰ ਬਿਮਾਰੀ ਦਾ ਇਕੋ ਇਕ ਬਚਾਅ ਸਾਧਨ ਕਰਾਰ ਦਿੰਦਿਆ ਸਮੂਹ ਵਿਭਾਗੀ ਮੁਖੀਆਂ ਨੂੰ ਆਪਣੇ ਵਿਭਾਗ 'ਚ ਕੰਮ ਕਰਦੇ ਮੁਲਾਜ਼ਮਾਂ ਦੀ ਝਿਜਕ ਖਤਮ ਕਰਨ ਲਈ ਖੁਦ ਟੀਕਾ ਲਗਵਾਉਣ 'ਚ ਪਹਿਲ ਕਦਮੀ ਕਰਨ ਲਈ ਆਖਿਆ।
ਉਨ੍ਹਾਂ ਨੇ ਆ ਰਹੇ ਕਣਕ ਦੇ ਸੀਜ਼ਨ ਨਾਲ ਸਬੰਧਤ ਖਰੀਦ ਏਜੰਸੀਆਂ ਦੇ ਸਟਾਫ਼, ਮਾਰਕਿਟ ਕਮੇਟੀ ਸਟਾਫ਼, ਆੜਤੀਆਂ, ਮਜ਼ਦੂਰਾਂ, ਢੋਆ-ਢੁਆਈ ਕਰਨ ਵਾਲੇ ਟਰੱਕ ਅਪਰੇਟਰਾਂ ਅਤੇ ਫਸਲ ਲੈਕੇ ਆਉਣ ਵਾਲੇ ਕਿਸਾਨਾਂ ਦੇ ਟੀਕਾਕਰਨ ਲਈ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਜ਼ਿੰਮੇਵਾਰੀ ਸੌਂਪੀ।
ਇਸ ਤੋਂ ਇਲਾਵਾ 1 ਅਪ੍ਰੈਲ ਤੋਂ 45 ਸਾਲ ਤੋਂ ਉਪਰ ਉਮਰ ਵਰਗ ਦੇ ਹਰੇਕ ਵਿਅਕਤੀ ਨੂੰ ਟੀਕਾਕਰਨ ਦੀ ਕੀਤੀ ਜਾ ਰਹੀ ਸ਼ੁਰੂਆਤ ਦੇ ਕੀਤੇ ਪ੍ਰਬੰਧਾਂ ਦਾ ਮੁਲਾਂਕਣ ਕਰਦਿਆ ਉਨ੍ਹਾਂ ਕਿਹਾ ਕਿ ਇਸ ਉਮਰ ਵਰਗ 'ਚ ਆਉਂਦੇ ਪੌਣੇ ਪੰਜ ਲੱਖ ਦੇ ਕਰੀਬ ਲੋਕਾਂ ਨੂੰ ਉਨ੍ਹਾਂ ਦੇ ਮਨਾਂ 'ਚ ਟੀਕਾਕਰਨ ਪ੍ਰਤੀ ਪਾਈਆਂ ਜਾ ਰਹੀਆਂ ਸ਼ੰਕਾਵਾਂ ਨੂੰ ਵਿਸ਼ੇਸ਼ ਜਾਗਰੂਕਤਾ ਮੁਹਿੰਮ ਰਾਹੀਂ ਦੂਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀਕਾਕਰਨ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਦੇ ਮੰਤਵ ਨਾਲ ਮੌਜੂਦਾ 78 ਟੀਕਾਕਰਨ ਕੇਂਦਰਾਂ 'ਚ ਵਾਧਾ ਕਰਦੇ ਹੋਏ ਇਨ੍ਹਾਂ ਦੀ ਗਿਣਤੀ 126 ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ 50 ਤੋਂ ਵਧੇਰੇ ਕਿਸੇ ਖਾਸ ਇਲਾਕੇ/ਕਲੋਨੀ 'ਚ ਟੀਕਾ ਲਗਵਾਉਣ ਦੇ ਚਾਹਵਾਨਾਂ ਲਈ ਜ਼ਿਲ੍ਹੇ 'ਚ 7 ਮੋਬਾਇਲ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਰੋਨਾ ਦੌਰਾਨ ਮੁਹਰਲੀ ਕਤਾਰ 'ਚ ਕੰਮ ਕਰਨ ਵਾਲੇ ਵਿਭਾਗਾਂ ਅਤੇ ਕਰੋਨਾ ਦੇ ਸੰਭਾਵੀ ਖਤਰੇ 'ਚ ਆਉਂਦੇ ਵਿਭਾਗਾਂ ਅਤੇ ਉਨ੍ਹਾਂ ਨਾਲ ਸਬੰਧਤ ਅਦਾਰਿਆਂ ਦੇ ਟੀਕਾਕਰਨ 'ਤੇ ਵਿਸ਼ੇਸ਼ ਜ਼ੋਰ ਦਿੰਦਿਆ ਉਦਯੋਗ ਵਿਭਾਗ ਨੂੰ ਸਨਅਤੀ ਇਕਾਈਆਂ ਦੇ ਕਾਮਿਆਂ, ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਆਂਗਨਵਾੜੀ ਵਰਕਰਾਂ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਪ੍ਰਾਇਮਰੀ ਨੂੰ ਸਕੂਲ ਅਧਿਆਪਕਾਂ, ਪਾਵਰਕਾਮ ਮੁਲਾਜ਼ਮਾਂ, ਲੋਕ ਨਿਰਮਾਣ ਤੇ ਜਨ ਸਿਹਤ ਵਿਭਾਗ ਦੇ ਮੁਲਾਜ਼ਮਾਂ, ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਨੂੰ ਪੰਚਾਇਤਾਂ ਤੇ ਹੋਰ ਚੁਣੇ ਹੋਏ ਨੁਮਾਇੰਦਿਆਂ, ਪੀ.ਆਰ.ਟੀ.ਸੀ. ਸਟਾਫ, ਬੈਂਕਾਂ ਤੇ ਸੇਵਾ ਕੇਂਦਰਾਂ ਦੇ ਸਟਾਫ, ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਅਤੇ ਵਕੀਲਾਂ ਦੇ ਟੀਕਾਕਰਨ ਨੂੰ ਵੀ ਪਹਿਲ ਦੇਣ ਲਈ ਆਖਿਆ ਗਿਆ।
ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਟੀ.ਬੀ. ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਇਸ ਮੌਕੇ ਉਥੇ ਮੌਜੂਦ ਸਰਕਾਰੀ ਅਧਿਕਾਰੀਆਂ ਦੇ ਮਨਾਂ 'ਚ ਟੀਕਾਕਰਨ ਪ੍ਰਤੀ ਉਤਪੰਨ ਸ਼ੰਕਿਆਂ ਦਾ ਨਿਵਾਰਣ ਕਰਦਿਆਂ ਕਿਹਾ ਕਿ ਇਹ ਟੀਕਾਕਰਨ ਬਿਲਕੁਲ ਹੀ ਸੁਰਖਿਅਤ ਹੈ ਅਤੇ ਕੋਵਿਡ ਤੋਂ ਬਚਾਅ ਦਾ ਇਕ ਮਾਤਰ ਸਾਧਨ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨ (ਜ) ਪੂਜਾ ਸਿਆਲ ਗਰੇਵਾਲ, ਅਸਟੇਟ ਅਫਸਰ ਪੀ.ਡੀ.ਏ. ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਜ) ਡਾ. ਇਸਮਿਤ ਵਿਜੈ ਸਿੰਘ, ਸਿਵਲ ਸਰਜਨ ਡਾ. ਸਤਿੰਦਰ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ, ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।