← ਪਿਛੇ ਪਰਤੋ
ਅਕਾਲੀ ਆਗੂ ਆਖਰ ਕਦੋਂ ਤੱਕ ਭਾਜਪਾ ਦੇ ਸਿੱਖ ਤੇ ਪੰਜਾਬ ਵਿਰੋਧੀ ਰਵੱਈਏ ਨੂੰ ਸਹਿਣ ਕਰਦੇ ਰਹਿਣਗੇ: ਰੰਧਾਵਾ ਕੇਂਦਰੀ ਵਜ਼ੀਰੀ ਖਾਤਰ ਬਾਦਲ ਪਰਿਵਾਰ ਨੇ ਭਾਜਪਾ ਕੋਲ ਸਾਰੇ ਹਿੱਤ ਗਿਰਵੀ ਰੱਖੇ ਚੰਡੀਗੜ੍ਹ, 02 ਜੁਲਾਈ 2020: ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਦੇ ਪਤੀ ਅਤੇ ਭਾਜਪਾ ਦੀ ਵਿਚਾਰਧਾਰਾ ਦੇ ਕੱਟੜ ਸਮਰਥਕ ਅਨੁਪਮ ਖੇਰ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਬਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦੇ ਕਸੀਦੇ ਪੜ੍ਹਨ ਲਈ ਵਰਤਣ ਦੀ ਸਖਤ ਆਲੋਚਨਾ ਕੀਤੀ ਹੈ। ਫਿਲਮ ਅਭਿਨੇਤਾ ਅਨੁਪਮ ਖੇਰ ਵੱਲੋਂ ਸਿੱਖਾਂ ਦੀਆਂ ਧਾਰਮਿਕ ਸੰਵੇਦਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਲਈ ਕੀਤੀ ਇਸ ਘਿਨਾਉਣੀ ਹਰਕਤ ਦੇ ਬਾਵਜੂਦ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੀ ਭਾਈਵਾਲ ਪਾਰਟੀ ਵੱਲੋਂ ਚੁੱਪ ਵੱਟਣ 'ਤੇ ਸ. ਰੰਧਾਵਾ ਨੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਖਰ ਅਕਾਲੀ ਕਦੋਂ ਤੱਕ ਪੰਜਾਬੀਆਂ ਅਤੇ ਸਿੱਖਾਂ ਦੇ ਨਿਰਾਦਰ ਕਰਨ ਵਾਲਿਆਂ ਦੀ ਸੁਰ ਵਿੱਚ ਸੁਰ ਵਿੱਚ ਮਿਲਾਉਂਦੇ ਰਹਿਣਗੇ। ਸਾਲ 2014 ਦੀਆਂ ਸੰਸਦੀ ਚੋਣਾਂ ਵਿੱਚ ਤਤਕਾਲੀ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੱਲੋਂ ਅੰਮ੍ਰਿਤਸਰ ਤੋਂ ਉਸ ਵੇਲੇ ਦੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਕਸੀਦੇ ਪੜ੍ਹਦਿਆਂ ਬਾਣੀ ਦਾ ਨਿਰਾਦਰ ਕੀਤੇ ਜਾਣ ਦੀ ਘਟਨਾ ਚੇਤੇ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਜਿਹੜੀ ਅਖੌਤੀ ਪੰਥਕ ਪਾਰਟੀ ਦਾ ਆਗੂ ਖੁਦ ਅਜਿਹਾ ਬੱਜਰ ਗੁਨਾਹ ਕਰ ਸਕਦਾ ਹੈ ਤਾਂ ਉਸ ਦੇ ਭਾਈਵਾਲ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਕਾਂਗਰਸੀ ਮੰਤਰੀ ਨੇ ਕਿਹਾ ਕਿ ਸ੍ਰੀ ਖੇਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਸਿੱਖਾਂ ਦੇ ਜਜ਼ਬਾਤਾਂ 'ਤੇ ਸੱਟ ਮਾਰਨ ਦੀ ਘਟੀਆ ਹਰਕਤ ਕੀਤੀ ਹੈ ਜਿਸ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਖੇਰ ਦੀ ਪਤਨੀ ਕਿਰਨ ਖੇਰ ਸੰਸਦ ਵਿੱਚ ਪੰਜਾਬ ਦੀ ਰਾਜਧਾਨੀ ਦੀ ਨੁਮਾਇੰਦਗੀ ਕਰਦੀ ਹੈ। ਫੇਰ ਵੀ ਉਸ ਦੇ ਪਤੀ ਨੇ ਸਿੱਖਾਂ ਦੇ ਜਜ਼ਬਾਤਾਂ ਨੂੰ ਵਲੂੰਧਰਨ ਦੀ ਹਿਮਾਕਤ ਕੀਤੀ। ਸ. ਰੰਧਾਵਾ ਨੇ ਅਕਾਲੀਆਂ ਨੂੰ ਘੇਰਦਿਆਂ ਆਖਿਆ ਕਿ ਜੇਕਰ ਬਾਦਲ ਪਰਿਵਾਰ ਨੇ ਅਕਾਲੀ ਦਲ ਦੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗ ਕੇ ਭਾਜਪਾ ਦੀ ਝੋਲੀ ਪੈਣ ਦਾ ਫੈਸਲਾ ਕਰ ਹੀ ਲਿਆ ਹੈ ਤਾਂ ਬਾਦਲ ਪਰਿਵਾਰ ਨੂੰ ਅਕਾਲੀ ਦਲ ਦੇ ਅਹੁਦੇ ਛੱਡ ਕੇ ਭਾਜਪਾ ਨੂੰ ਹੀ ਮਾਂ-ਪਾਰਟੀ ਬਣਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲਗਾਤਾਰ ਘੱਟ-ਗਿਣਤੀਆਂ, ਸੰਘੀ ਢਾਂਚੇ ਅਤੇ ਖਾਸ ਤੌਰ 'ਤੇ ਕਿਸਾਨਾਂ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ ਪਰ ਇਸ ਗੱਲ ਤੋਂ ਹੈਰਾਨੀ ਹੁੰਦੀ ਹੈ ਕਿ ਭਾਜਪਾ ਵੱਲੋਂ ਆਪਣੇ ਫੈਸਲੇ ਬਾਰੇ ਸਪੱਸ਼ਟੀਕਰਨ ਦੇਣ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸੋਚੇ ਸਮਝੇ ਬਿਨਾਂ ਮੋਦੀ ਦੇ ਸੋਹਲੇ ਗਾਉਣੇ ਸ਼ੁਰੂ ਕਰ ਦਿੰਦੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਅਕਾਲੀ ਦਲ ਆਖਰ ਕਦੋਂ ਤੱਕ ਕੇਂਦਰੀ ਵਜ਼ੀਰੀ ਦੇ ਲਾਲਚ ਵਿੱਚ ਆਪਣੇ ਸੂਬੇ, ਆਪਣੀ ਕੌਮ ਅਤੇ ਆਪਣੇ ਲੋਕਾਂ ਦੀਆਂ ਭਾਵਨਾਵਾਂ ਨਾਲ ਹੁੰਦਾ ਖਿਲਵਾੜ ਖਿੜੇ ਮੱਥੇ ਪ੍ਰਵਾਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਿੱਖ ਲੀਡਰਸ਼ਿਪ ਦੇ ਨਾਲ ਅਕਾਲੀ ਦਲ ਨੂੰ ਵੀ ਅਨੁਪਮ ਖੇਰ ਦੀ ਹਿਮਾਕਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਣ ਲਈ ਕਿਹਾ।
Total Responses : 267