ਕਰੋਨਾ ਵਾਇਰਸ ਤੋਂ ਬਚਾਅ ਲਈ ਦੱਸੀਆਂ ਜਾ ਰਹੀਆਂ ਹਨ ਜਰੂਰੀ ਸਾਵਧਾਨੀਆਂ
ਐਸ.ਏ.ਐਸ. ਨਗਰ, 12 ਜੁਲਾਈ 2020: ਜ਼ਿਲ੍ਹੇ ਵਿਚ ਮਿਸ਼ਨ ਫਤਿਹ ਤਹਿਤ ਕਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਇਸ ਮਹਾਂਮਾਰੀ ਦਾ ਖਾਤਮਾ ਕੀਤਾ ਜਾ ਸਕੇ ਕਿਉਂਕਿ ਕੋਈ ਵੀ ਜੰਗ ਲੋਕਾਂ ਦੇ ਸਹਿਯੋਗ ਤੋਂ ਬਿਨ੍ਹਾਂ ਨਹੀਂ ਜਿੱਤੀ ਜਾ ਸਕਦੀ ਅਤੇ ਕਰੋਨਾ ਵਿਰੁੱਧ ਚਲਾਈ ਜਾ ਰਹੀ ਇਸ ਜੰਗ ਵਿਚ ਲੋਕਾਂ ਦੇ ਸਹਿਯੋਗ ਨਾਲ ਇਸ ਮਹਾਂਮਾਰੀ ਨੂੰ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਯੂਥ ਸੇਵਾਵਾਂ ਸ੍ਰੀਮਤੀ ਰੁਪਿੰਦਰ ਕੌਰ ਨੇ ਦਿੱਤੀ।
ਉਹਨਾਂ ਅੱਗੇ ਕਿਹਾ ਕਿ ਯੂਥ ਕਲੱਬ ਦੇ ਵਲੰਟੀਅਰਾਂ ਵੱਲੋਂ ਲੋਕਾਂ ਨੂੰ ਇਸ ਗੱਲ ਲਈ ਵਿਸ਼ੇਸ਼ ਤੌਰ ਉੱਤੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਹੱਥਾਂ ਨੂੰ ਸਾਬਣ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਨ, ਕਿਸੇ ਖਾਸ ਕੰਮ ਲਈ ਹੀ ਘਰ ਤੋਂ ਬਾਹਰ ਨਿਕਲਣ, ਇਕ ਦੂਜੇ ਤੋਂ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਅਤੇ ਘਰ ਤੋਂ ਬਾਹਰ ਨਿਕਲਣ ਸਮੇਂ ਆਪਣਾ ਮੂੰਹ ਰੁਮਾਲ ਜਾਂ ਮਾਸਕ ਨਾਲ ਢੱਕ ਕੇ ਰੱਖਣ।
ਉਹਨਾਂ ਅੱਗੇ ਦੱਸਿਆ ਕਿ ਕਰੋਨਾ ਵਾਇਰਸ ਦੇ ਰੂਪ ਵਿਚ ਸਾਨੂੰ ਬਹੁਤ ਵੱਡੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਕੀਤੇ ਗਏ ਉਪਰਾਲਿਆਂ ਸਦਕਾ ਆਮ ਲੋਕਾਂ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਵੱਲੋਂ ਦਿੱਤੇ ਸਹਿਯੋਗ ਨਾਲ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਵਿਰੁੱਧ ਵਿੱਢੀ ਜੰਗ ਵਿਚ ਤੇਜ਼ੀ ਆਈ ਹੈ।
ਸਹਾਇਕ ਡਾਇਰੈਕਟਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਨੂੰ ਅਪਣਾਉਣ, ਜਿਸ ਨਾਲ ਜ਼ਿਲ੍ਹੇ ਨੂੰ ਇਸ ਖਤਰਨਾਕ ਮਹਾਂਮਾਰੀ ਤੋਂ ਮੁਕਤ ਕੀਤਾ ਜਾ ਸਕਦਾ ਹੈ।