ਹਰਿੰਦਰ ਨਿੱਕਾ
- ਥਾਣਾ ਧਨੌਲਾ 'ਚ ਵੀ ਕੁਆਰੰਟੀਨ ਕੀਤੇ 4 ਪੁਲਿਸ ਮੁਲਾਜ਼ਮ
ਬਰਨਾਲਾ, 4 ਜੁਲਾਈ 2020 - ਜ਼ਿਲ੍ਹੇ ਦੀ ਪੱਖੋ ਕਲਾਂ ਪੁਲਿਸ ਚੌਂਕੀ 'ਚ ਫੜ੍ਹੇ ਦੋਸ਼ੀ ਬਲਜੀਤ ਸਿੰਘ ਨਿਵਾਸੀ ਬੁਗਰਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੁਲਿਸ ਮਹਿਕਮੇ 'ਚ ਖਲਬਲੀ ਮੱਚ ਗਈ। ਸਿਹਤ ਵਿਭਾਗ ਨੇ ਪੁਲਿਸ ਚੌਂਕੀ ਦੇ ਇੰਚਾਰਜ਼ ਜਸਵੀਰ ਸਿੰਘ ਸਣੇ 13 ਪੁਲਿਸ ਮੁਲਾਜ਼ਮਾਂ ਅਤੇ 13 ਮੁਲਜ਼ਮਾਂ ਨੂੰ ਇਹਤਿਆਤ ਦੇ ਤੌਰ ਤੇ ਕੁਆਰੰਟੀਨ ਕਰ ਦਿੱਤਾ ਗਿਆ। ਇਹਨਾਂ 'ਚ 3 ਲੇਡੀ ਪੁਲਿਸ ਕਰਮਚਾਰੀ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋਸ਼ੀ ਬਲਜੀਤ ਸਿੰਘ ਨੂੰ ਧਨੌਲਾ ਥਾਣੇ ਦੀ ਪੁਲਿਸ ਨੇ ਗਿਰਫਤਾਰ ਕਰਕੇ ਪੱਖੋ ਕਲਾਂ ਚੌਂਕੀ 'ਚ ਰੱਖਿਆ ਸੀ। ਉਸਦੀ ਗਿਰਫਤਾਰੀ ਸਮੇਂ ਸੰਪਰਕ 'ਚ ਆਏ ਧਨੌਲਾ ਥਾਣੇ ਦੇ 4 ਪੁਲਿਸ ਮੁਲਾਜ਼ਮਾਂ ਨੂੰ ਵੀ ਥਾਣੇ 'ਚ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਦੁਆਰਾ ਗਿਰਫਤਾਰ ਦੋਸ਼ੀ ਬਲਜੀਤ ਸਿੰਘ ਦੀ ਰਿਪੋਰਟ ਸ਼ਨੀਵਾਰ ਨੂੰ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਪੁਲਿਸ ਚੌਂਕੀ ਚ, ਤਾਇਨਾਤ ਸਾਰੇ ਮੁਲਾਜ਼ਮਾਂ ਤੇ ਮੁਲਜ਼ਮਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਚ, ਅੱਜ ਕੁੱਲ 6 ਨਵੇਂ ਬੰਦਿਆਂ ਦੀ ਰਿਪੋਰਟ ਪਜ਼ੀਟਿਵ ਆਈ ਹੈ। ਇਨ੍ਹਾਂ ਵਿੱਚੋਂ 2 ਮਰੀਜ਼ ਮਹਿਲ ਕਲਾਂ , ਨਜ਼ਦੀਕੀ ਪਿੰਡ ਹਰਦਾਸਪੁਰਾ ਦੀ ਇੱਕ ਔਰਤ, ਇੱਕ ਇੱਕ ਜਣਾ ਅਸਪਾਲ ਕਲਾਂ ਤੇ ਧਨੌਲਾ ਦਾ ਰਹਿਣ ਵਾਲਾ ਹੈ।