ਅਸ਼ੋਕ ਵਰਮਾ
ਬਠਿੰਡਾ, 06 ਜੁਲਾਈ 2020: ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਦੀ ਦੇਖ-ਰੇਖ ਹੇਠ ‘ਮਿਸ਼ਨ ਫਤਿਹ’ ਜਾਗਰੂਕਤਾ ਮੁਹਿੰਮ ਤਹਿਤ ਅਰਬਨ ਮੁੱਢਲਾ ਸਿਹਤ ਕੇਂਦਰ ਬਸਤੀ ਲਾਲ ਸਿੰਘ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਐਲ.ਐਚ.ਵੀ., ਏ.ਐਨ.ਐਮ., ਆਸ਼ਾ ਵਰਕਰਜ਼ ਅਤੇ ਸਿਹਤ ਸੇਵਾਵਾਂ ਲੈਣ ਪਹੁੰਚੇ ਮਰੀਜ਼ਾ ਨੂੰ ਕੋਵਿਡ-19 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਨੇ ਕੋਵਿਡ-19 ਸਬੰਧੀ ਜਾਣਕਾਰੀ ਦਿੰਦਿਆਂ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨ ਅਤੇ ਸਾਂਝੀਆਂ ਥਾਵਾਂ ’ਤੇ ਜਾਣ ਸਮੇਂ ਸਮਾਜਿਕ ਦੂਰੀ ਰੱਖਣੀ ਯਕੀਨੀ ਬਨਾਉਣ ਲਈ ਕਿਹਾ। ਉਨਾਂ ਕਿਹਾ ਕਿ ਦਿਨ ਵਿਚ ਹੱਥਾਂ ਨੂੰ 8 ਤੋਂ 10 ਵਾਰ 20 ਸੈਕਿੰਡ ਲਈ ਸਾਬਣ ਨਾਲ ਧੋਣਾ ਆਦਿ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਅਸੀਂ ਕਰੋਨਾ ਵਾਇਰਸ ਦੀ ਲਾਗ ਤੋਂ ਬਚ ਸਕੀਏ।
ਉਨਾਂ ਆਸ਼ਾ ਵਰਕਰਜ਼ ਨੂੰ ਖਾਸ ਤੌਰ ’ਤੇ ਕਿਹਾ ਕਿ ਘਰ-ਘਰ ਨਿਗਰਾਨੀ, ਸਰਵੇ ਦੌਰਾਨ ਇਨਾਂ ਤਿੰਨ ਨਿਯਮਾਂ ਦੀ ਹਰ ਹਾਲਤ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਡਿਊਟੀ ਉਪਰੰਤ ਘਰ ਪਹੁੰਚਣ ਸਮੇਂ ਆਪਣੇ ਜੁੱਤਿਆਂ/ਸੈਂਡਲਾਂ ਜਾਂ ਚੱਪਲਾਂ ਨੂੰ ਬਾਹਰ ਉਤਾਰ ਕੇ ਘਰ ਅੰਦਰ ਜਾਇਆ ਜਾਵੇ, ਇਸ਼ਨਾਨ ਕਰਨ ਉਪਰੰਤ ਆਪਣੇ ਕੱਪੜੇ ਬਦਲ ਕੇ ਹੀ ਘਰ ਦੇ ਦੂਸਰੇ ਮੈਂਬਰਾਂ ਖਾਸ ਤੌਰ ’ਤੇ ਛੋਟੇ ਬੱਚਿਆਂ ਅਤੇ ਬਜੁਰਗਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ। ਇਨਾ ਨਿਯਮਾਂ ਬਾਰੇ ਸਰਵੇ ਦੌਰਾਨ ਆਮ ਜਨਤਾ ਨੂੰ ਵੀ ਸੂਚਿਤ ਕੀਤਾ ਜਾਵੇ। ਇਸ ਮੌਕੇ ਮੈਡੀਕਲ ਅਫਸਰ ਡਾ. ਲਖੇਸ਼, ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ, ਐਲ.ਐਚ.ਵੀ. ਅਮਰਜੀਤ ਕੌਰ, ਫਾਰਮੇਸੀ ਅਫਸਰ ਕਰਮਜੀਤ ਮਾਨ ਅਤੇ ਆਸ਼ਾ ਵਰਕਰ ਹਾਜ਼ਰ ਸਨ ।