ਅੰਮ੍ਰਿਤਸਰ, 06 ਜੁਲਾਈ 2020: ਮਿਸਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਤਰਨਾ ਦਲ ਵਲੋਂ ਛਾਉਣੀ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਵੱਲਾ ਮਹਿਤਾ ਰੋਡ ਵਿਖੇ ਬਾਬਾ ਨਿਰਮਲ ਸਿੰਘ ਨਮਿਤ ਸਲਾਨਾ ਬਰਸੀ ਸਮਾਗਮ ਸ਼ਰਧਾ ਭਾਵਨਾ ਸਹਿਤ ਹੋਇਆ।ਜਿਸ ਵਿੱਚ ਵੱਖ-ਵੱਖ ਤਰਨਾ ਦਲਾਂ ਦੇ ਜਥੇਦਾਰ, ਮਹੰਤ, ਬੇਅੰਤ ਨਿਹੰਗ ਸਿੰਘ ਫੌਜਾਂ ਸ਼ਾਮਲ ਹੋਈਆਂ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜਪਾਠਾਂ ਦੇ ਭੋਗ ਉਪਰੰਤ ਬਾਬਾ ਨਿਰਮਲ ਸਿੰਘ ਜੇਠੂਵਾਲਾ ਢਾਡੀ ਜਥਾ, ਬਾਬਾ ਜੋਗਿੰਦਰ ਸਿੰਘ ਗੁਰਾਇਆ ਕਵੀਸ਼ਰ ਜਥਾ, ਬਾਬਾ ਸਤਾਰਾ ਜੀ ਦੇ ਰਾਗੀ ਜਥੇ ਨੇ ਇਤਿਹਾਸ ਤੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਨ ਲਈ ਵਿਸ਼ੇਸ਼ ਗੁਰਬਾਣੀ ਸ਼ਬਦ ਤੇ ਵਾਰਾਂ ਗਾਇਨ ਕੀਤੀਆਂ।ਬਾਬਾ ਮੇਜਰ ਸਿੰਘ ਜਥੇਦਾਰ ਦਸ਼ਮੇਸ਼ ਤਰਨਾ ਦਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਹੀ ਇਹ ਬਰਸੀ ਸਮਾਗਮ ਬਾਬਾ ਬਲਦੇਵ ਸਿੰਘ ਵੱਲਾ ਵੱਲੋ ਕਰਵਾਇਆ ਜਾਂਦਾ ਹੈ।ਨਿਹੰਗ ਸਿੰਘ ਫੌਜਾਂ ਨੇ ਦਸਮ ਪਾਤਸ਼ਾਹ ਵਲੋਂ ਹੋਈ ਬਖਸ਼ਿਸ਼ ਬਾਣੀ, ਬਾਣਾ ਸਾਂਭਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਂਮਾਰੀ ਕਾਰਨ ਵੱਡੇ ਸਮਾਗਮ ਦਲਪੰਥ ਵਲੋਂ ਨਹੀਂ ਕੀਤੇ ਗਏ ਫਿਰ ਵੀ ਆਈ ਸੰਗਤ ਲਈ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਬਠਾਉਣ ਅਤੇ ਮਾਸਕ ਦੀ ਵਰਤੋਂ ਯਕੀਨੀ ਬਨਾਈ ਗਈ ਹੈ।ਇਹ ਜੋੜ ਮੇਲਾ ਭਾਵੇਂ ਜਥੇ: ਨਿਰਮਲ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਨਾਲ ਜੋੜਿਆ ਗਿਆ ਹੈ ਪਰ ਉਹ ਇਸ ਦਿਹਾੜੇ ਤੇ ਜੋੜਮੇਲਾ ਪਹਿਲਾਂ ਤੋਂ ਮਨਾਉਂਦੇ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਨੂੰ ਬਾਬਾ ਬਲਦੇਵ ਸਿੰਘ ਵੱਲਾ ਤੇ ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ ਨੇ ਸਨਮਾਨਤ ਕੀਤਾ।ਇਸ ਤੋਂ ਇਲਾਵਾ ਬਾਬਾ ਬਲਦੇਵ ਸਿੰਘ ਵੱਲਾ ਨੇ ਨਿਹੰਗ ਸਿੰਘ ਛਾਉਣੀਆਂ ਤੋਂ ਪੁਜੇ ਮੁਖੀਆਂ ਬਾਬਾ ਬਲਦੇਵ ਸਿੰਘ ਮੁਸਤਰਾਪੁਰ, ਬਾਬਾ ਸਤਨਾਮ ਸਿੰਘ ਖਾਪੜਖੇੜੀ, ਬਾਬਾ ਸੰਤੋਖ ਸਿੰਘ ਗੁੰਮਟਾਲਾ, ਸ੍ਰ. ਬਿਜੈ ਸਿੰਘ, ਸ੍ਰ. ਗੁਰਲਾਲ ਸਿੰਘ ਢਿੱਲੋ ਤਰਨਤਾਰਨ, ਸੰਤ ਸੁਨੀਲ ਜੀ ਘਨੂਪੁਰ ਕਾਲੇ, ਬਾਬਾ ਅਮਰ ਸਿੰਘ ਜੈਂਤੀਪੁਰ, ਬਾਬਾ ਤਰਸੇਮ ਸਿੰਘ ਰੰਗੜ ਨੰਗਲ, ਬਾਬਾ ਪ੍ਰਗਟ ਸਿੰਘ, ਬਾਬਾ ਜਿੰਦਰ ਸਿੰਘ ਤਰਨਾ ਦਲ ਨੂੰ ਸਿਰਪਾਓ ਨਾਲ ਸਨਮਾਨਤ ਕੀਤਾ।ਇਸ ਸਮੇਂ ਗੁਰੂ ਕੇ ਲੰਗਰ ਅਤੁਟ ਵਰਤੇ।