ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਕੀਤਾ ਸਰਵੇਖਣ
ਹਰਿੰਦਰ ਨਿੱਕਾ
ਬਰਨਾਲਾ, 13 ਜੁਲਾਈ 2020 : ਖੇਤੀ ਦੇ ਨਵੇਂ ਤਰੀਕੇ ਅਪਨਾਉਣ ਕਾਰਣ ਝੋਨੇ ਅਤੇ ਬਾਸਮਤੀ ਹੇਠ ਰਕਬਾ ਵਧਣ ਕਾਰਣ, ਮੌਸਮ ਵਿੱਚ ਤਬਦੀਲੀ ਆਉਣ ਕਾਰਨ ਕੁਝ ਕੀੜੇ ਜਿਵੇਂ ਤਣੇ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ ਅਤੇ ਬਿਮਾਰੀਆਂ ਜਿਵੇਂ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਗਿਆਰੀ, ਭੂਰੇ ਟਿੱਡੇ ਦਾ ਰੋਗ ਆਦਿ ਵਧ
ਸਕਦੇ ਹਨ। ਫਸਲ ਤੋਂ ਵੱਧ ਝਾੜ ਲੈਣ ਲਈ ਕੀੜਿਆਂ ਦੀ ਪਛਾਣ ਅਤੇ ਕੰਟਰੋਲ ਕਰਨਾ ਜ਼ਰੂਰੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਵੱਲੋਂ ਪਿੰਡ ਵਜੀਦਕੇ ਕਲਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਦੇ ਸਰਵੇਖਣ ਦੌਰਾਨ ਕੀਤਾ, ਜਿਸ ਦੇ ਖੇਤ ਵਿੱਚ ਨਦੀਨ ਜ਼ਿਆਦਾ ਹੋ ਗਏ ਸਨ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਅਪੀਲ ਕੀਤੀ ਕਿ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ, ਇਸ ਨੂੰ ਵਾਹ ਕੇ ਨੁਕਸਾਨ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਲੱਗਣ ਵਾਲੀਆਂ ਬਿਮਾਰੀਆਂ ਝੋਨੇ ਵਿੱਚ ਉੱਗਣ ਵਾਲੇ ਨਦੀਨਾਂ ਕਾਰਨ ਲੱਗਦੀਆਂ ਹਨ, ਇਸ ਲਈ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਝੁਲਸ ਰੋਗ, ਸ਼ੀਥ ਦੀ ਝੁਲਸ ਰੋਗ, ਝੂਠੀ ਕਾਂਗਿਆਰੀ, ਭੂਰੇ ਧੱਬਿਆਂ ਦਾ ਰੋਗ, ਭਰੜ ਰੋਗ ਅਤੇ ਮੁੱਢਾਂ ਦਾ ਗਲਣਾ ਆਦਿ ਨਦੀਨਾਂ ਨੂੰ ਵੀ ਲੱਗਦੇ ਹਨ ਹਨ, ਇਸ ਲਈ ਖੇਤਾਂ ਵਿੱਚੋਂ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਕੁਝ ਕਿਸਾਨ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਿਰਫ ਕੀਟਨਾਸ਼ਕ /ਉੱਲੀਨਾਸ਼ਕ ਦਵਾਈਆਂ ਨਾਲ ਹੀ ਕਰਨਾ ਚਾਹੁੰਦੇ ਹਨ, ਪਰ ਕਿਸਾਨਾਂ ਨੂੰ ਇਹ ਕਰਨ ਦੀ ਬਜਾਇ ਸਰਵਪੱਖੀ ਤਰੀਕੇ ਵੀ ਅਪਨਾਉਣੇ ਚਾਹੀਦੇ ਹਨ, ਜਿਵੇਂ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਭੂਮੀ ਹੈਲਥ ਕਾਰਡ ਅਨੁਸਾਰ ਪੱਤਾ ਰੰਗ ਚਾਰਟ ਅਨੁਸਾਰ ਹੀ ਕਰਨੀ ਚਾਹੀਦੀ ਹੈ ਤਾਂ ਜੋ ਬੇਲੋੜੇ ਖਾਦ ਦੇ ਖਰਚ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਝੋਨੇ ਨੂੰ ਲੱਗਣ ਵਾਲੇ ਉੱਪਰ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਕੀਟਨਾਸ਼ਕ ਅਤੇ ਉੱਲੀਨਾਸ਼ਕ ਰਸਾਇਣਾਂ ਦੀ ਵਰਤੋਂ ਖੇਤੀਬਾੜੀ ਮਾਹਰਾਂ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।