ਕੇਵਲ ਗੰਭੀਰ ਰੋਗੀਆਂ ਨੂੰ ਦਿੱਤੀਆਂ ਜਾਣਗੀਆਂ ਤੀਜੇ ਦਰਜੇ ਦੀਆਂ (ਐੱਲ 3) ਉੱਚ ਸਹੂਲਤਾਵਾਂ
ਹਾਲਤ ਵਿਚ ਸੁਧਾਰ ਤੋਂ ਬਾਅਦ ਮਰੀਜਾਂ ਨੂੰ ਤੀਜੇ ਦਰਜੇ ਦੀ ਸੰਸਥਾ ਤੋਂ ਕੀਤਾ ਜਾਵੇਗਾ ਦੂਜੇ ਦਰਜੇ ਦੀ ਸੰਸਥਾ ਵਿਚ ਸ਼ਿਫਟ
ਐਸ ਏ ਐਸ ਨਗਰ, 14 ਜੁਲਾਈ 2020: ਕੋਵਿਡ-19 ਦੇ ਗੰਭੀਰ ਮਰੀਜਾਂ ਦੇ ਇਲਾਜ ਲਈ ਤੀਜੇ ਦਰਜੇ ਦੀਆਂ ਸਿਹਤ ਸੰਸਥਾਵਾਂ ਵਿਚ ਬੈੱਡ ਰਾਖਵੇਂ ਰੱਖਣ ਲਈ, ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਵੱਡੇ ਮੈਡੀਕਲ ਬੁਨਿਆਦੀ ਢਾਂਚੇ ਵਾਲੇ ਪ੍ਰਾਈਵੇਟ ਹਸਪਤਾਲ ਬਿਨ੍ਹਾਂ ਕੋਰਨਾ ਵਾਇਰਸ ਦੇ ਲੱਛਣਾਂ ਵਾਲੇ ਪਾਜੇਟਿਵ ਮਰੀਜ਼ਾਂ ਨੂੰ ਹੋਮ ਕੇਅਰ ਸੇਵਾਵਾਂ ਪ੍ਰਦਾਨ ਕਰਨਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਗਿਰੀਸ਼ ਦਿਆਲਨ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਹੁਤ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਤੀਜੇ ਦਰਜੇ ਦੀਆਂ ਵਧੀਆ ਮੈਡੀਕਲ ਸੁਵਿਧਾਵਾਂ ਵੱਡੇ ਹਸਪਤਾਲਾਂ ਵਿਚ ਉਹਨਾਂ ਮਰੀਜਾਂ ਵੱਲੋਂ ਲਈਆਂ ਜਾ ਰਹੀਆਂ ਹੁੰਦੀਆਂ ਹਨ ਜਿਹਨਾਂ ਨੂੰ ਤੀਜੇ ਦਰਜੇ ਦੀ ਸੁਵਿਧਾਵਾਂ ਦੀ ਲੋੜ ਨਹੀ ਹੁੰਦੀ ਸਗੋਂ ਸਿਰਫ ਮੈਡੀਕਲ ਨਿਗਰਾਨੀ/ਦੇਖਭਾਲ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਅਜਿਹਾ ਹੋਣ ਨਾਲ ਜਿਹਨਾਂ ਗੰਭੀਰ ਮਰੀਜਾਂ ਨੂੰ ਤੀਜੇ ਦਰਜੇ ਦੀਆਂ ਸੁਵਿਧਾਵਾਂ ਦੀ ਲੋੜ ਹੁੰਦੀ ਹੈ ਉਹ ਉਹਨਾਂ ਸੁਵਿਧਾਵਾਂ ਤੋ ਵਾਂਝੇ ਰਹਿ ਜਾਂਦੇ ਹਨ। ਇਸ ਲਈ ਸਿਹਤ ਬੁਨਿਆਦੀ ਢਾਂਚੇ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਐਲ 3 ਸੰਸਥਾਵਾਂ ਵਿਚ ਕੇਵਲ ਗੰਭੀਰ ਮਰੀਜਾਂ ਨੂੰ ਦਾਖਲ ਕੀਤਾ ਜਾਵੇਗਾ ਜਿਹਨਾਂ ਨੂੰ ਆਕਸੀਜਨ ਅਤੇ ਵੈਂਟੀਲੇਟਰ ਦੀ ਲੋੜ ਹੋਵੇ ਨਾ ਕਿ ਉਹਨਾਂ ਮਰੀਜਾਂ ਨੂੰ ਜਿਹਨਾਂ ਨੂੰ ਸਿਰਫ ਡਾਕਟਰੀ ਦੇਖਭਾਲ ਦੀ ਲੋੜ ਹੋਵੇ।
ਉਹਨਾਂ ਸਪੱਸ਼ਟ ਕੀਤਾ ਕਿ ਜੇ ਕੋਈ ਘੱਟ ਗੰਭੀਰ ਮਰੀਜ਼ ਐਲ 3 ਹਸਪਤਾਲ ਵਿਚ ਇਸ ਲਈ ਦਾਖਲਾ ਲੈਂਦਾ ਹੈ ਕਿ ਉਹ ਆਪਣੇ ਮਾਤਾ-ਪਿਤਾ ਜਾਂ ਪਰਿਵਾਰਕ ਮੈਂਬਰ, ਜਿਹਨਾਂ ਨੂੰ ਹੋਰ ਬਿਮਾਰੀਆਂ ਹੋਣ ਜਾਂ ਉਹ ਆਪਣੇ ਛੋਟੇ ਬੱਚਿਆਂ ਨੂੰ ਕਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਅਜਿਹੀ ਸੂਰਤ ਵਿਚ ਉਹ ਹੋਟਲ ਵਿਚ ਦਾਖਲ ਹੋ ਕੇ ਵੱਡੇ ਹਸਪਤਾਲਾਂ ਤੋਂ ਹੋਮ ਕੇਅਰ ਟ੍ਰੀਟਮੈਂਟ ਸੁਵਿਧਾ ਲੈ ਸਕਦਾ ਹੈ।
ਉਹਨਾਂ ਅੱਗੇ ਦੱਸਿਆ ਕਿ ਫੋਰਟਿਸ ਅਤੇ ਮੈਕਸ ਹਸਪਤਾਲ ਮੋਹਾਲੀ ਵੱਲੋਂ ਘੱਟ ਗੰਭੀਰ ਮਰੀਜਾਂ ਨੂੰ ਹੋਮ ਕੇਅਰ ਪਲਾਨ ਰਾਹੀਂ ਇਲਾਜ ਦੀ ਸੁਵਿਧਾ ਉਪਲੱਬਧ ਕਰਵਾਈ ਜਾ ਰਹੀ ਹੈ ਅਤੇ ਜਿਹਨਾਂ ਹੋਟਲਾਂ ਨੇ ਸਵੈ ਇਕਾਂਤਵਾਸ ਲਈ ਕਮਰੇ ਉਪਲੱਬਧ ਕਰਵਾਏ ਹਨ ਉਹਨਾਂ ਵਿਚ ਹੋਟਲ ਵੁੱਡ ਕਰੈੱਸਟ ਜੀਰਕਪੁਰ, ਜੇ ਡੀ ਰੈਜੀਡੈਂਸੀ ਮੁਹਾਲੀ, ਰਾੱਕ ਲੈਂਡ ਜੀਕਰਪੁਰ, ਬਲੈਕ ਡਾਇੰਮਡ ਜੀਕਰਪੁਰ, ਰਾਇਲ ਪਾਰਕ ਜੀਕਰਪੁਰ, ਅਰੀਸਤਾ ਖਰੜ ਅਤੇ ਹੋਟਲ ਜੋਡੀਐੱਕ ਸ਼ਾਮਲ ਹਨ।
ਮੈਡੀਕਲ ਮੁੱਢਲੇ ਢਾਂਚੇ ਦੀ ਸੁਚੱਜੀ ਵਰਤੋਂ ਲਈ ਜ਼ਿਲ੍ਹੇ ਵਿਚ 'ਰੀਵਰਸ ਰੈਫਰਲ ਕਨਸੈਪਟ' ਦੀ ਵਰਤੋਂ ਵੀ ਕੀਤੀ ਜਾਵੇਗੀ ਜਿਸ ਦੇ ਤਹਿਤ ਗੰਭੀਰ ਕੋਵਿਡ ਮਰੀਜ ਜਦ ਠੀਕ ਹੋ ਜਾਂਦਾ ਹੈ ਅਤੇ ਉਸ ਨੂੰ ਕੇਵਲ ਨਿਗਰਾਨੀ ਜਾਂ ਦੇਖਭਾਲ ਦੀ ਲੋੜ ਹੋਵੇ ਤਾਂ ਉਸ ਨੂੰ ਆਕਸੀਜਨ ਅਤੇ ਵੈਂਟੀਲੇਟਰ ਯੁਕਤ ਸੰਸਥਾ ਵਿਚੋਂ ਐਲ 2, ਐਲ 1 ਸੰਸਥਾਂ ਜਾਂ ਘਰੇਲੂ ਇਕਾਂਤਵਾਸ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੈਡੀਕਲ ਮੁੱਢਲੇ ਢਾਂਚੇ ਦੀ ਯੋਗ ਵਰਤੋਂ ਵਿਚ ਸਹਿਯੋਗ ਦੇਣ ਅਤੇ ਲੋੜ ਪੈਣ 'ਤੇ ਕੇਵਲ ਉਸੇ ਪੱਧਰ ਦੀ ਸੰਸਥਾ ਵਿਚ ਇਲਾਜ ਕਰਵਾਉਣ ਜਿੰਨੀ ਗੰਭੀਰ ਉਹਨਾਂ ਦੀ ਸਥਿਤੀ/ਬਿਮਾਰੀ ਹੋਵੇ।