ਮਨਪ੍ਰੀਤ ਸਿੰਘ ਜੱਸੀ
ਡੇਰਾ ਬਿਆਸ ਨੇ ਦਿੱਤੀ ਪੰਜ ਏਕੜ ਜ਼ਮੀਨ ਅਤੇ ਇਮਾਰਤ ਉਸਾਰ ਕੇ ਦੇਣ ਦਾ ਐਲਾਨ
ਅੰਮ੍ਰਿਤਸਰ, 13 ਜੁਲਾਈ 2020: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 19 ਜੂਨ 2020 ਨੂੰ ਬਿਆਸ ਨੂੰ ਸਬ-ਤਹਿਸੀਲ ਬਨਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਠੀਕ 25 ਦਿਨ ਬਾਅਦ ਮਾਲ ਅਤੇ ਮੁੜ ਵਸੇਬਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਸਬ-ਤਹਿਸੀਲ ਲਈ ਇਮਾਰਤ ਬਨਾਉਣ ਦਾ ਨੀਂਹ ਪੱਥਰ ਰੱਖਿਆ।। ਇਸ ਮੌਕੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਲੋਕ ਸਭਾ ਮੈਂਬਰ ਸ. ਜਸਬੀਰ ਸਿੰਘ ਡਿੰਪਾ, ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸ੍ਰੀ ਰਮਿੰਦਰ ਸਿੰਘ ਆਂਵਲਾ, ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ, ਡੇਰਾ ਬਿਆਸ ਤੋਂ ਸ੍ਰੀ ਡੀ. ਕੇ. ਸੀਕਰੀ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ ਅਤੇ ਜਿਲਾ ਮਾਲ ਅਧਿਕਾਰੀ ਸ੍ਰੀ ਮੁਕੇਸ਼ ਸ਼ਰਮਾ ਵੀ ਹਾਜ਼ਰ ਸਨ।। ਮਾਲ ਮੰਤਰੀ ਨੇ ਅਰਦਾਸ ਉਪਰੰਤ ਕਹੀ ਨਾਲ ਟੱਕ ਲਗਾ ਕੇ ਅਤੇ ਪੱਥਰ ਤੋਂ ਪਰਦਾ ਹਟਾ ਕੇ ਇਮਾਰਤ ਦਾ ਨੀਂਹ ਪੱਥਰ ਰੱਖਿਆ।।
ਸ. ਕਾਂਗੜ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ 10 ਪਟਵਾਰ ਸਰਕਲਾਂ ਤੇ 29 ਪਿੰਡਾਂ ਦੇ ਕਰੀਬ 10 ਹਜ਼ਾਰ ਹੈਕਟੇਅਰ ਰਕਬੇ ਨੂੰ ਸ਼ਾਮਿਲ ਕਰਕੇ ਇਹ ਸਬ-ਤਹਿਸੀਲ ਬਣਾਈ ਹੈ। ਉਨਾਂ ਦੱਸਿਆ ਕਿ ਉਕਤ ਸਬ-ਤਹਿਸੀਲ ਦਾ ਕੰਮ ਭਾਵੇਂ ਨਿੱਜੀ ਇਮਾਰਤ ਵਿਚ ਸ਼ੁਰੂ ਕਰ ਦਿੱਤਾ ਗਿਆ ਹੈ, ਪਰ ਡੇਰਾ ਬਾਬਾ ਜੈਮਲ ਸਿੰਘ ਵੱਲੋਂ ਇਮਾਰਤ ਲਈ ਪੰਜ ਏਕੜ ਰਕਬਾ ਦੇਣ ਅਤੇ ਇਮਾਰਤ ਬਣਾ ਕੇ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨਾਲ ਇਹ ਸ਼ਾਨਦਾਰ ਛੇਤੀ ਪੂਰੀ ਹੋਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਕਰੀਬ 18 ਹਜ਼ਾਰ ਵਰਗ ਫੁੱਟ ਰਕਬੇ ਵਿਚ ਇਹ ਆਧੁਨਿਕ ਸਹੂਲਤਾਂ ਨਾਲ ਲੈਸ ਅਤੇ ਵਿਲੱਖਣ ਦਿੱਖ ਵਾਲੀ ਇਮਾਰਤ ਤਿਆਰ ਹੋਵੇਗੀ।। ਉਨਾਂ ਡੇਰਾ ਬਾਬਾ ਜੈਮਲ ਸਿੰਘ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਰੱਜਵੀਂ ਤਾਰੀਫ ਕਰਦੇ ਡੇਰੇ ਵੱਲੋਂ ਕੋਵਿਡ-19 ਦੇ ਸੰਕਟ ਵਿਚ ਲੋੜਵੰਦ ਲੋਕਾਂ ਲਈ ਆਪਣੇ ਸੰਤਸੰਗ ਘਰ ਖੋਲਣ ਤੇ ਲੰਗਰ ਲਗਾਉਣ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਕਿਹਾ ਕਿ ਵਿਸ਼ਵ ਭਰ ਵਿਚ ਫੈਲੇ ਇਹ ਡੇਰੇ ਇਸ ਸੰਕਟ ਵਿਚ ਮਨੁੱਖਤਾ ਦਾ ਆਸਰਾ ਬਣੇ ਹਨ।।
ਲੋਕ ਸਭਾ ਮੈਂਬਰ ਸ. ਜਸਬੀਰ ਸਿੰਘ ਡਿੰਪਾ ਨੇ ਇਸ ਮੌਕੇ ਬਾਬਾ ਬਕਾਲਾ ਤੋਂ ਸ੍ਰੀ ਬਾਬਾ ਬਕਾਲਾ ਸਾਹਿਬ ਤੱਕ ਦੇ ਸਫਰ ਉਤੇ ਬੋਲਦੇ ਡੇਰੇ ਵੱਲੋਂ ਮੌਜੂਦਾ ਸੰਕਟ ਵਿਚ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਦੇ ਨਾਲ-ਨਾਲ ਸਬ-ਤਹਿਸੀਲ ਕੰਪਲੈਕਸ ਦੀ ਉਸਾਰੀ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਤਾਰੀਫ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿਸ ਤਰਾਂ ਸਰਕਾਰ ਨੇ ਕੋਵਿਡ ਨਾਲ ਨਿਜੱਠਿਆ ਹੈ, ਉਹ ਦੇਸ਼ ਭਰ ਵਿਚ ਆਪਣੀ ਤਰਾਂ ਦੀ ਵੱਖਰੀ ਮਿਸਾਲ ਹੈ।। ਇਸ ਮੌਕੇ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ ਨੇ ਸਬ-ਤਹਿਸੀਲ ਦੇ ਨੀਂਹ ਪੱਥਰ ਲਈ ਪੁੱਜੇ ਮਾਲ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਦਾ ਵਿਸ਼ੇਸ਼ ਧੰਨਵਾਦ ਕਰਦੇ ਸਰਕਾਰ ਵੱਲੋਂ ਕੀਤੇ ਇਸ ਫੈਸਲੇ ਦਾ ਵੀ ਧੰਨਵਾਦ ਕੀਤਾ।। ਉਨਾਂ ਕਿਹਾ ਕਿ ਤਹਿਸੀਲ ਬਣਨ ਨਾਲ ਸਾਡੇ ਇਲਾਕੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਸਾਰਿਆਂ ਦੇ ਕੰਮ ਸਮੇਂ ਸਿਰ ਪੂਰੇ ਹੋ ਸਕਣਗੇ।