ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2020: ਸੂਬਾ ਸਰਕਾਰ ਵਲੋਂ ਪਿੰਡਾਂ ਵਿਚ ਸਥਿਤ ਛੱਪੜਾਂ ਦੀ ਸਾਫ਼-ਸਫ਼ਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨਾਂ ਉਪਰਾਲਿਆਂ ਦੇ ਤਹਿਤ ਬਠਿੰਡਾ ਜ਼ਿਲੇ ਨੂੰ ਛੱਪੜਾਂ ਦੀ ਸਾਫ਼-ਸਫ਼ਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਕਰਨ ’ਚ ਪੰਜਾਬ ਦੇ ਮੋਹਰੀ ਜ਼ਿਲਿਆ ’ਚ ਸ਼ਾਮਿਲ ਹੋਣ ਦਾ ਮਾਣ ਹਾਸਿਲ ਹੋਇਆ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ (ਆਈ.ਏ.ਐਸ.) ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਮਗਨਰੇਗਾ ਮਜ਼ਦੂਰਾਂ ਰਾਹੀਂ ਸਾਲ 2020-21 ਦੇ ਮਈ-ਜੂਨ ਮਹੀਨੇ ਦੌਰਾਨ ਛੱਪੜਾਂ ਦੀ ਸਾਫ਼-ਸਫ਼ਾਈ ਪਹਿਲ ਦੇ ਆਧਾਰ ’ਤੇ ਕਰਵਾਈ ਜਾ ਰਹੀ ਹੈ। ਜ਼ਿਲੇ ’ਚ ਕੁੱਲ 314 ਗਰਾਮ ਪੰਚਾਇਤਾਂ ਹਨ, ਜਿਨਾਂ ਵਿਚ ਮੌਜੂਦਾ ਸਮੇਂ 724 ਛੱਪੜ ਹਨ, ਜਿਨਾਂ ਵਿਚੋਂ 162 ਸਾਫ਼ ਪਾਣੀ ਦੇ ਛੱਪੜ ਹਨ ਜਿਨਾਂ ਵਿਚੋਂ 562 ਛੱਪੜਾਂ ਦਾ ਗੰਦਾਂ ਪਾਣੀ ਬਾਹਰ ਕੱਢਣ ਦੀ ਯੋਜਨਾ ਸੀ ਜਿਸ ਵਿਚੋਂ 521 ਛੱਪੜਾਂ ਵਿਚੋਂ ਗੰਦੇ ਪਾਣੀ ਨੂੰ ਬਾਹਰ ਕੱਢਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ 180 ਛੱਪੜਾਂ ’ਚ ਗਾਰ ਕੱਢਣ ਦਾ ਕੰਮ ਕੀਤਾ ਜਾਣਾ ਸੀ ਜਿਸ ’ਚੋਂ 142 ਛੱਪੜਾਂ ਦੀ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ, ਜਿਨਾਂ ਵਿਚੋਂ 42 ਛੱਪੜਾਂ ’ਚੋ ਗਾਰ ਕੱਢਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ।
ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਹਰਜਿੰਦਰ ਸਿੰਘ ਜੱਸਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ’ਚ 97 ਛੱਪੜਾਂ ਵਿਚੋਂ ਗਾਰ ਕੱਢਣ ਦਾ ਕੰਮ ਮਗਨਰੇਗਾ ਸਕੀਮ ਅਧੀਨ ਤੇ ਬਾਕੀ ਦੇ 45 ਛੱਪੜਾਂ ਦੀ ਸਾਫ਼-ਸਫ਼ਾਈ ਦਾ ਕੰਮ 14ਵੇਂ ਕਮਿਸ਼ਨ ਤੇ ਪੰਚਾਇਤੀ ਫੰਡ ਨਾਲ ਕਰਵਾਇਆ ਜਾ ਰਿਹਾ ਹੈ। ਮਗਨਰੇਗਾ ਸਕੀਮ ਅਧੀਨ ਛੱਪੜਾਂ ਦੀ ਸਾਫ਼-ਸਫ਼ਾਈ ਸਬੰਧੀ ਕਰਵਾਏ ਗਏ ਕੰਮਾਂ ’ਤੇ ਲਗਭਗ 228.96 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਇਸ ਨਾਲ ਮਗਨਰੇਗਾ ਸਕੀਮ ਤਹਿਤ ਲਗਭਗ 87058 ਦਿਹਾੜੀਦਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਸਾਫ਼-ਸਫ਼ਾਈ ਦੇ ਕੰਮ ਨਾਲ ਜਿਥੇ ਇੱਕ ਪਾਸੇ ਛੱਪੜਾਂ ਦੀ ਸਫ਼ਾਈ ਹੋ ਰਹੀ ਹੈ ਉਥੇ ਇਸ ਨਾਲ ਮਗਨਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ।