ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰ।
ਮਨਿੰਦਰਜੀਤ ਸਿੱਧੂ
ਜੈਤੋ , 06 ਜੁਲਾਈ 2020 : ਮਾਨਵਤਾ ਦੀ ਸੇਵਾ ਲਈ ਤੱਤਪਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵੱਲੋਂ ਮਨੁੱਖਤਾ ਦੀ ਭਲਾਈ ਲਈ ਇੱਕ ਹੋਰ ਉਦਮ ਕਰਦੇ ਹੋਏ ਜੈਤੋ ਵਿੱਚ ਗੁਰੁ ਨਾਨਕ ਮੋਦੀ ਖਾਨੇ ਦੀ ਸ਼ੁਰੂਆਤ ਕੀਤੀ ਗਈ।ਇਸ ਸਬੰਧੀ ਖੇਤਰੀ ਦਫਤਰ ਵਿਖੇ ਹੋਏ ਪਲੇਠੇ ਪ੍ਰੋਗ੍ਰਾਮ ਵਿੱਚ ਇਸ ਪ੍ਰੋਜੈਕਟ ਨੂੰ ਚਲਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ।ਸ਼ੁਰੂਆਤ ਵਿੱਚ ਵਿਸੇਸ਼ ਤੌਰ ਤੇ ਪਹੁੰਚੇ ਹੋਏ ਗੁਰੁ ਨਾਨਕ ਮੋਦੀ ਖਾਨਾ ਕੋਟਕਪੂਰਾ ਦੇ ਇੰਚਾਰਜ ਭਾਈ ਹਰਪ੍ਰੀਤ ਸਿੰਘ ਨੇ ਕੋਟਕਪੂਰਾ ਵਿਖੇ 2019 ਤੋਂ ਚੱਲ ਰਹੇ ਮੋਦੀ ਖਾਨੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਇਸ ਉਪਰੰਤ ਡਾ.ਅਵਨਿੰਦਰਪਾਲ ਸਿੰਘ ਤੇ ਜੋਨਲ ਸਕੱਤਰ ਨਵਨੀਤ ਸਿੰਘ ਨੇ ਮੋਦੀਖਾਨੇ ਦੀ ਜਰੂਰਤ ਸਬੰਧੀ ਚਾਨਣਾ ਪਾਇਆ। ਜੈਤੋ ਖੇਤਰ ਪ੍ਰਧਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਮੋਦੀਖਾਨੇ ਵਿੱਚ ਦਾਨੀ ਸੱਜਣਾ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਹਰ ਤਰ੍ਹਾਂ ਦੀ ਸੇਵਾ ਜਿਵੇਂ ਕਿ ਬੁੱਕ ਬੈਂਕ, ਸਟੇਸ਼ਨਰੀ, ਵਧੀਆ ਹਾਲਤ ਦੇ ਕੱਪੜੇ, ਬੂਟ,ਜੁਰਾਬਾਂ,ਬਿਮਾਰ ਵਿਅਕਤੀਆਂ ਲਈ ਇਲਾਜ਼ ਦਾ ਪ੍ਰਬੰਧ, ਸਸਤੇ ਮੁੱਲ ਤੇ ਟੈਸਟ ਅਤੇ ਦਵਾਈਆਂ ਆਦਿ ਦਾ ਪ੍ਰਬੰਧ ਕਰਨਾਂ ਸ਼ਾਮਲ ਹੈ।ਮਾਸਟਰ ਰਣਜੀਤ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਡੇ ਘਰਾਂ ਵਿੱਚ ਬੇਅੰਤ ਵਸਤੂਆਂ ਵਾਧੂ ਪਈਆਂ ਖਰਾਬ ਹੋ ਜਾਂਦੀਆਂ ਹਨ, ਜਦ ਕਿ ਇਹ ਵਸਤਾਂ ਅਸੀਂ ਲੋੜਵੰਦਾਂ ਨੂੰ ਦੇ ਕੇ ਸੇਵਾ ਵਿੱਚ ਵੱਡਾ ਹਿੱਸਾ ਪਾ ਸਕਦੇ ਹਾਂ। ਜੈਤੋ ਵਿਖੇ ਗੁਰੁ ਨਾਨਕ ਮੋਦੀਖਾਨੇ ਦੀ ਸੇਵਾ ਏ.ਐਸ ਆਈ.ਤੇਜ ਸਿੰਘ ਤੇ ਬਾਬਾ ਵੀਰ ਸਿੰਘ ਨੂੰ ਸੌਪੀ ਗਈ। ਇਸ ਦਾ ਦਫਤਰ ਤੇਲੀ ਮੁਹੱਲਾ ਵਿਖੇ ਖੋਲਿਆ ਗਿਆ ਹੈ,ਜੋ ਸ਼ੁਰੂਆਤ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਸ਼ਾਮ ਨੂੰ ਚਾਰ ਤੋਂ ਛੇ ਵਜੇ ਤੱਕ ਖੁੱਲਿਆ ਕਰੇਗਾ।ਇਸ ਮੌਕੇ ਜਸਵੰਤ ਸਿਘ,ਪ੍ਰਕਾਸ਼ ਸਿੰਘ ਜੈਤੋ,ਗੁਰਦੀਪ ਸਿੰਘ ਕਾਲੜਾ,ਰਣਜੀਤ ਸਿੰਘ ਰੋੜੀਕਪੂਰਾ,ਕਰਮਜੀਤ ਸਿੰਘ,ਕੁਲਵਿੰਦਰ ਸਿੰਘ,ਹਰਵਿੰਦਰ ਸਿੰਘ,ਰਾਜੂ,ਤਰਸੇਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਟੱਡੀ ਸਰਕਲ ਦੇ ਸੇਵਾਦਾਰ ਹਾਜ਼ਰ ਸਨ।