ਅਸ਼ੋਕ ਵਰਮਾ
ਮਾਨਸਾ, 06 ਜੁਲਾਈ 2020: ਸ੍ਰੀ ਗੁਰੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਅੱਜ ਸ਼ਬਦ ਗਾਇਨ ਨਾਲ ਸ਼ੁਰੂਆਤ ਹੋ ਗਈ ਹੈ। ਕਰੋਨਾ ਦੇ ਔਖੇ ਸਮੇਂ ਦੌਰਾਨ ਪੜਾਈ ਦੇ ਨਾਲ ਹੁਣ ਗੁਰੂ ਸਾਹਿਬਾਨਾਂ ਦੇ ਜਨਮ ਦਿਹਾੜਿਆਂ ਨੂੰ ਵੱਡੇ ਰੂਪ ਵਿੱਚ ਮਨਾਕੇ ਲੱਖਾਂ ਵਿਦਿਆਰਥੀਆਂ ਨੂੰ ਮਹਾਨ ਗੁਰੂਆਂ ਦੇ ਜੀਵਨ ,ਫਲਸਫੇ ਤੇ ਇਤਿਹਾਸਕ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਦੀ ਇਸ ਪਹਿਲ ਕਦਮੀਂ ਦਾ ਸੂਬੇ ਭਰ ਚ ਮਾਪਿਆਂ ਅਤੇ ਸਿੱਖ ਵਿਦਵਾਨਾਂ ਨੇ ਭਰਵਾਂ ਸਵਾਗਤ ਕੀਤਾ ਹੈ। ਮਾਪੇ ਖੁਸ਼ ਹਨ ਕਿ ਛੋਟੀ ਉਮਰੇ ਉਨਾਂ ਦੇ ਲਾਡਲੇ ਇਨਾਂ ਮੁਕਾਬਲਿਆਂ ਜ਼ਰੀਏ ਚੰਗੇ ਫਲਸਫੇ ਨਾਲ ਜੁੜਨਗੇ ਅਤੇ ਉਨਾਂ ਦੀ ਪ੍ਰਤਿਭਾ ਚ ਵੀ ਨਿਖਾਰ ਆਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖੋਜ ਕਾਰਜ ਮੁਕੰਮਲ ਕਰਕੇ ਪੰਜਾਬੀ ਯੂਨੀਵਰਸਿਟੀ ਤੋਂ ਪੀ ਐੱਚ ਡੀ ਦੀ ਡਿਗਰੀ ਹਾਸਲ ਕਰਨ ਅਤੇ ਇੱਕ ਦਰਜਨ ਦੇ ਕਰੀਬ ਧਾਰਮਿਕ ,ਸਿੱਖਿਆ, ਸਭਿਆਚਾਰ ਬਾਰੇ ਕਿਤਾਬਾਂ ਦੇ ਲੇਖਕ ਵਿਦਵਾਨ ਅਧਿਆਪਕ ਡਾ ਕੁਲਵੰਤ ਸਿੰਘ ਜੋਗਾ ਦਾ ਕਹਿਣਾ ਹੈ ਕਿ ਅਪਣੇ ਵਿਰਸੇ ਅਤੇ ਸਭਿਆਚਾਰ ਨਾਲੋਂ ਟੁੱਟਣਾ ਜ਼ਿੰਦਗੀ ਨਾਲੋਂ ਟੁੱਟਣ ਜਿਨਾਂ ਖਤਰਨਾਕ ਹੈ। ਉਨਾਂ ਇਸ ਗੱਲ ਤੇ ਤਸੱਲੀ ਜ਼ਾਹਿਰ ਕੀਤੀ ਕਿ ਸਿੱਖਿਆ ਵਿਭਾਗ ਸਲੇਬਸ ਦੀ ਪੜਾਈ ਦੇ ਨਾਲ ਨਾਲ ਜ਼ਿੰਦਗੀ ਦੇ ਅਸਲ ਫਲਸਫੇ ਪ੍ਰਤੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਪਾਸੇ ਤੁਰਿਆਂ ਹੈ, ਜਿਸ ਦੇ ਭਵਿੱਖ ਵਿੱਚ ਸਾਰਥਿਕ ਸਿੱਟੇ ਸਾਹਮਣੇ ਆਉਣਗੇ। ਜਿਕਰਯੋਗ ਹੈ ਕਿ ਇਹ ਮੁਕਾਬਲੇ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਪੱਧਰ ‘ਤੇ ਕਰਵਾਏ ਜਾਣਗੇ ਜਦੋਂਕਿ ਨਾਲ ਹੀ ਇੰਨਾਂ ਤਿੰਨਾਂ ਵਰਗਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਵੱਖਰੇ ਤੌਰ ਤੇਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਗੁਰ ਮਰਿਆਦਾ ਨੂੰ ਧਿਆਨ ‘ਚ ਰੱਖ ਕੇ ਕਰਵਾਈ ਜਾਣ ਵਾਲੀ ਇਸ ਪ੍ਰਤੀਯੋਗਤਾ ‘ਚ ਸ਼ਬਦ ਗਾਇਨ, ਕਵਿਤਾ, ਭਾਸ਼ਣ, ਸੁੰਦਰ ਲਿਖਾਈ, ਗੀਤ, ਸੰਗੀਤਕ ਸਾਜ਼ ਵਜਾਉਣ, ਪੇਂਟਿੰਗ, ਪੋਸਟਰ ਮੇਕਿੰਗ, ਸਲੋਗਨ ਲਿਖਣੇ, ਪੀ.ਪੀ.ਟੀ. ਮੇਕਿੰਗ ਤੇ ਦਸਤਾਰਬੰਦੀ ਮੁਕਾਬਲੇ ਸ਼ਾਮਲ ਹਨ। ਦੱਸਿਆ ਕਿ ਇੰਨਾਂ 11 ਮੁਕਾਬਲਿਆਂ ਵਾਲੀ ਪ੍ਰਤੀਯੋਗਤਾ ਦੀ ਸ਼ੁਰੂਆਤ ਸਕੂਲ ਪੱਧਰ ਤੋਂ ਹੋਕੇ ਰਾਜ ਪੱਧਰ ਤੱਕ ਚੱਲੇਗੀ। ਜਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਅਤੇ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਲਾਭ ਸਿੰਘ ਦਾ ਕਹਿਣਾ ਸੀ ਕਿ ਮੁਕਾਬਲਿਆਂ ਪ੍ਰਤੀ ਬੱਚੇ ’ਚ ਭਾਰੀ ਉਤਸ਼ਾਹਿਤ ਦਿਖੇ ਅਤੇ ਕਾਫੀ ਬੱਚਿਆਂ ਨੇ ਅੱਜ ਸ਼ਬਦ ਗਾਇਨ ਰਿਕਾਰਡ ਕਰਵਾਇਆ ਹੈ। ਉਨਾਂ ਦੱਸਿਆ ਕਿ ਪੰਜ ਮਹੀਨੇ ਚੱਲਣ ਵਾਲੇ ਇੰਨਾਂ ਮੁਕਾਬਲਿਆਂ ਲਈ ਬੱਚੇ ਰਿਆਜ਼ ’ਚ ਜੁਟੇ ਹੋਏ ਹਨ।