ਅਸ਼ੋਕ ਵਰਮਾ
ਬਠਿੰਡਾ, 13 ਜੁਲਾਈ 2020: ਇਨਕਲਾਬੀ ਕੇਂਦਰ ਪੰਜਾਬ ਨੇ ਭੀਮਾ ਕੋਰੇਗਾਉਂ ਮਾਮਲੇ ’ਚ ਪਿਛਲੇ ਦੋ ਸਾਲ ਤੋਂ ਕਿਸੇ ਸਾਜਿਸ਼ ਤਹਿਤ ਜੇਲ ਵਿੱਚ ਬੰਦ ਉੱਘੇ ਇਨਕਲਾਬੀ ਕਵੀ ਵਰਵਰਾ ਰਾਓ ਨੂੰ ਚੰਗੇ ਹਸਪਤਾਲ ’ਚ ਦਾਖਲ ਕਰਵਾਕੇ ਬਿਹਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਜਿੰਨਾਂ ਦੀ ਹਾਲਤ ਇਸ ਵੇਲੇ ਬਹੁਤ ਗੰਭੀਰ ਬਣੀ ਹੋਈ ਹੈ। ਕੇਂਦਰ ਦਾ ਕਹਿਣਾ ਹੈ ਕਿ 80 ਸਾਲ ਦੀ ਵੱਡੀ ਉਮਰ ਨੂੰ ਢੁੱਕ ਚੁੱਕੀ ਕੌਮਾਂਤਰੀ ਪੱਧਰ ਤੇ ਜਾਣੀ ਪਛਾਣੀ ਇਹ ਲੋਕ ਪੱਖੀ ਸਖਸ਼ੀਅਤ ਇਸ ਸਮੇਂ ਖੁਦ ਆਪਣੀ ਰੋਜ ਮਰਾ ਦੀ ਸਰੀਰਕ ਪ੍ਰਕਿਰਿਆ ਵੀ ਨਿਭਾਉਣ ਤੋਂ ਅਸਮਰੱਥ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਸੂਬਾ ਆਗੂ ਕੰਵਲਜੀਤ ਖੰਨਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਵਰਵਰਾ ਰਾਓ ਕਈ ਨਾ-ਮੁਰਾਦ ਗੰਭੀਰ ਬਿਮਾਰੀਆਂ ਤੋਂ ਪੀੜਤ ਵੀ ਹਨ ਅਤੇ ਉਨਾਂ ਦੀ ਸਿਹਾਤ ਲਗਾਤਾਰ ਖੁਰਦੀ ਜਾ ਰਹੀ ਹੈ ਜੋਕਿ ਚਿੰਤਾਜਨਕ ਹੈ।
ਉਨਾਂ ਆਖਿਆ ਕਿ ਝੂਠੇ ਸਾਜਿਸ਼ੀ ਕੇਸਾਂ ਤਹਿਤ ਨਜਰਬੰਦ ਵਰਵਰਾ ਰਾਓ ਨੂੰ ਤੁਰੰਤ ਚੰਗੇ ਹਸਪਤਾਲ ਭੇਜਕੇ ਇਲਾਜ ਕਰਾੳੇਣਾ ਜਰੂਰੀ ਹੈ ਤਾਂ ਜੋ ਉਨਾਂ ਦੀ ਬੇਸ਼ਕੀਮਤੀ ਜਿੰਦਗੀ ਬਚਾਈ ਜਾ ਸਕੇ। ਕੇਂਦਰ ਦੇ ਦੋਵੇਂ ਆਗੂਆਂ ਨੇ ਮੋਦੀ ਹਕੂਮਤ ’ਤੇ ਦੋਸ਼ ਲਾਇਆ ਹੈ ਕਿ ਮੁਲਕ ਭਰ ’ਚ ਮਜਲੂਮਾਂ, ਦੱਬੇ ਕੁਚਲੇ ਲੋਕਾਂ ਅਤੇ ਆਦੀਵਾਸੀਆਂ ਦੀ ਅਵਾਜ ਬਣੇ ਬੁੱਧੀਜੀਵੀਆਂ ਨੂੰ ਮਨਘੜਤ ਦੋਸ਼ਾਂ ਤਹਿਤ ਜੇਲਾਂ ਅੰਦਰ ਬੰਦ ਕਰਕੇ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਕਰਨ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਅਮਲ ’ਚ ਲਿਆਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸੇ ਤਰਾਂ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਸਾਈਬਾਬਾ, ਦਲਿਤ ਚਿੰਤਕ ਪ੍ਰੋ.ਅਨੰਦ ਤੇਲਤੁੰਬੜੇ, ਗੌਤਮ ਨਵਲੱਖਾ, ਉੱਘੀ ਵਕੀਲ ਸੁਧਾ ਭਾਰਦਵਾਜ ਸਮੇਤ ਲੋਕਾਂ ਦੀ ਅਵਾਜ ਬਣੇ 12 ਹੋਰ ਚਿੰਤਕਾਂ ਅਤੇ ਬੁੱਧੀਜੀਵੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਕੀਤਾ ਹੋਇਆ ਹੈ ਜੋਕਿ ਨੰਗੇ ਚਿੱਟੇ ਰੂਪ ’ਚ ਜਮਹੂਰੀਅਤ ਦਾ ਕਤਲ ਹੈ।
ਉਨਾਂ ਆਖਿਆ ਕਿ ਅਸਲ ਵਿੱਚ ਮੋਦੀ ਹਕੂਮਤ ਵਿਰੋਧ ਦੀ ਅਵਾਜ ਨੂੰ ਨੱਪਣ ਰਾਹੀਂ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਕੇ ਦੇਸੀ ਬਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਅੰਨੀ ਲੁੱਟ ਮਚਾਉਣ ਦੀ ਖੁੱਲੀ ਛੁੱਟੀ ਦੇਣਾ ਚਾਹੁੰਦੀ ਹੈ। ਇਸੇ ਕੜੀ ‘ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲੋਕ ਵਿਰੋਧ ਨੂੰ ਕੁਚਲਣ ਲਈ ਸੈਂਕੜੇ ਘੱਟ ਗਿਣਤੀ ਸਰਗਰਮ ਕਾਰਕੁਨ ਦੇਸ਼ ਧਰੋਹ ਦੇ ਝੂਠੇ ਕੇਸਾਂ‘ਚ ਜੇਲੀਂ ਡੱਕ ਦਿੱਤੇ ਹਨ ਅਤੇ ਇਹ ਅਮਲ ਜਾਰੀ ਰੱਖਿਆ ਹੋਇਆ ਹੈ। ਉਨਾਂ ਆਖਿਆ ਕਿ ਹਕੂਮਤ ਦੇ ਦਖਲ ਕਾਰਨ ਪੰਜ ਵਾਰ ਜਮਾਨਤ ਰੱਦ ਕਰਨ ਵਰਗੇ ਸ਼ੰਕੇ ਬਰਕਰਾਰ ਹੋਣ ਕਰਕੇ ਲੋਕ ਪੱਖੀ ਤਾਕਤਾਂ ਵਰਵਰਾ ਰਾਓ ਦੀ ਸਿਹਤ ਪ੍ਰਤੀ ਫਿਕਰਮੰਦ ਹਨ। ਇਨਕਲਾਬੀ ਕੇਂਦਰ,ਪੰਜਾਬ ਦੇ ਆਗੂਆਂ ਨੇ ਇਸ ਬੇਸ਼ਕੀਮਤੀ ਜਿੰਦਗੀ ਨੂੰ ਬਚਾਉਣ ਲਈ ਤੁਰੰਤ ਕਿਸੇ ਚੰਗੇ ਹਸਪਤਾਲ ਵਿੱਚ ਦਾਖਲ ਕਰਵਾੳੇਣ ਦੀ ਜੋਰਦਾਰ ਮੰਗ ਕਰਦਿਆਂ ਇਨਸਾਫਪਸੰਦ ਜਮਹੂਰੀ ਤਾਕਤਾਂ ਨੂੰ ਮੋਦੀ ਹਕੂਮਤ ਦੇ ਹੱਲਿਆਂ ਖਿਲਾਫ ਲੋਕ ਅਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ।