ਸੇਫਟੀ ਪ੍ਰੋਟੋਕੋਲ ਲਾਗੂ ਕਰਨ ਵਾਲੀਆਂ ਟੀਮਾਂ ਨੂੰ ਕੀਤਾ ਸਰਗਰਮ
ਐਸ ਏ ਐਸ ਨਗਰ, 13 ਜੁਲਾਈ 2020: ਪਿਛਲੇ ਦੋ ਦਿਨਾਂ ਵਿਚ ਕੋਵਿਡ -19 ਦੇ ਕੇਸਾਂ ਵਿਚ ਹੋ ਰਹੇ ਵਾਧੇ ਦੇ ਮੱਦੇਨਜ਼ਰ, ਜ਼ਿਲ੍ਹਾ ਪ੍ਰਸ਼ਾਸਨ ਹਫਤੇ ਦੇ ਆਖਰੀ ਦਿਨਾਂ ਦੌਰਾਨ ਵਧੇਰੇ ਪਾਬੰਦੀਆਂ ਲਗਾਉਣ ਸਬੰਧੀ ਵਿਚਾਰ ਕਰ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਨਗਰ ਨਿਗਮ ਮੁਹਾਲੀ ਦੇ ਅਧਿਕਾਰੀਆਂ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਨਾਲ ਹੀ ਸਬ-ਡਵੀਜ਼ਨਲ ਮੈਜਿਸਟਰੇਟਸ ਸਮੇਤ ਸਮੁੱਚੀ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ ਵਾਲੀ ਟੀਮ ਨੂੰ ਮਾਰਕੀਟਾਂ, ਮਾਲਾਂ, ਰੈਸਟੋਰੈਂਟਾਂ/ਖਾਣ-ਪੀਣ ਦੀਆਂ ਥਾਵਾਂ, ਜਨਤਕ ਦਫਤਰਾਂ, ਬੈਂਕਾਂ ਆਦਿ ਵਰਗੀਆਂ ਭੀੜ ਵਾਲੀਆਂ ਥਾਵਾਂ 'ਤੇ ਸਮਾਜਿਕ ਦੂਰੀਆਂ ਅਤੇ ਮਾਸਕ ਪਹਿਨਣ ਨੂੰ ਸਖਤੀ ਨਾਲ ਲਾਗੂ ਕਰਨ ਲਈ ਤੁਰੰਤ ਪ੍ਰਭਾਵ ਨਾਲ ਟੀਮਾਂ ਨੂੰ ਸਰਗਰਮ ਕਰਨ ਲਈ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੱਲ ਰਹੇ ‘ਅਨਲਾੱਕ’ ਪੜਾਅ ਵਿੱਚ ਆਵਾਜਾਈ/ਆਉਣ-ਜਾਣ ਦੀ ਢਿੱਲ ਦੇਣ ਨਾਲ ਕੋਵਿਡ ਦਾ ਵਾਧਾ ਸੁਭਾਵਕ ਸੀ ਅਤੇ ਇਸ ਸਬੰਧੀ ਢੁੱਕਵੇਂ ਉਪਾਅ ਕੀਤੇ ਜਾ ਰਹੇ ਹਨ।
ਮੁਹਾਲੀ ਵਿੱਚ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ ਵਿੱਚ ਢਿਲ ਹੋਣ ਦੀ ਖਦਸ਼ੇ ਨੂੰ ਨਕਾਰਦਿਆਂ, ਗਿਰੀਸ਼ ਦਿਆਲਨ ਨੇ ਕਿਹਾ ਕਿ ਜਿਹੜੇ ਕੇਸ ਸਾਹਮਣੇ ਆਏ ਹਨ, ਉਹ ਲੋਕਾਂ ਦੇ ਖੁਦ ਫਲੂ ਸੈਂਟਰਾਂ ਜਾਂ ਹਸਪਤਾਲਾਂ ਵਿੱਚ ਜਾਂਚ ਲਈ ਆਉਣ ਕਾਰਨ ਨਹੀਂ ਆਏ ਹਨ ਸਗੋਂ ਪ੍ਰਸ਼ਾਸਨ ਸੰਭਾਵੀ ਕੇਸਾਂ ਦੇ ਵਿਆਪਕ ਨਮੂਨੇ ਲੈ ਰਿਹਾ ਹੈ ਜਿਸ ਕਾਰਨ ਪਾਜੇਟਿਵ ਕੇਸ ਸਾਹਮਣੇ ਆ ਰਹੇ ਹਨ।” ਉਹਨਾਂ ਕਿਹਾ ਕਿ ਅਸੀਂ ਚੌਕਸੀ ਵਿਚ ਢਿੱਲ ਨਹੀਂ ਕੀਤੀ ਅਤੇ ਸਥਿਤੀ ਕੰਟਰੋਲ ਅਧੀਨ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਡੇਰਾਬਸੀ ਵਿੱਚ ਬਹੇੜਾ ਨੂੰ ਕੰਟੇਨਮੈਂਟ ਜ਼ੋਨ (ਪੰਦਰਾਂ ਤੋਂ ਵੱਧ ਕੇਸ) ਬਣਾਇਆ ਗਿਆ ਹੈ, ਪਿੰਡ ਮਜਾਤ ਦੀ ਚਾਰਕੋਲ ਫੈਕਟਰੀ ਅਤੇ ਪੀਰਮੁਛੱਲਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਕਲੱਸਟਰ (ਪੰਜ ਤੋਂ ਵੱਧ ਪਰ ਪੰਦਰਾਂ ਕੇਸਾਂ ਤੋਂ ਘੱਟ) ਬਣਾਇਆ ਗਿਆ ਹੈ ਅਤੇ ਸੈਕਟਰ-66 ਮੁਹਾਲੀ ਨੂੰ ਕਲੱਸਟਰ (ਦੋ ਤੋਂ ਵੱਧ ਪਰ ਪੰਦਰਾਂ ਕੇਸਾਂ ਤੋਂ ਘੱਟ) ਘੋਸ਼ਿਤ ਕੀਤਾ ਗਿਆ ਹੈ।