ਪੀ.ਏ.ਯੂ. ਦਾ ਅਗਲਾ ਫੇਸਬੁੱਕ ਲਾਈਵ ਹੋਵੇਗਾ 15 ਜੁਲਾਈ ਨੂੰ
ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਪਾਣੀ ਖੜਾ ਨਾ ਕਰੋ : ਪੀਏਯੂ ਮਾਹਿਰ
ਲੁਧਿਆਣਾ, 08 ਜੁਲਾਈ 2020: ਪੀ.ਏ.ਯੂ. ਵੱਲੋਂ ਆਪਣੇ ਫੇਸਬੁੱਕ ਪੇਜ ਉੱਤੇ ਕਿਸਾਨਾਂ ਦੇ ਹਰਮਨ ਪਿਆਰੇ ਪ੍ਰੋਗਰਾਮ 'ਸਵਾਲ ਤੁਹਾਡੇ-ਜਵਾਬ ਪੀ.ਏ.ਯੂ. ਮਾਹਿਰਾਂ ਦੇ' ਦਾ ਛੇਵਾਂ ਲਾਈਵ ਪੇਸ਼ ਕੀਤਾ ਗਿਆ। ਇਸ ਲਾਈਵ ਪ੍ਰੋਗਰਾਮ ਦੌਰਾਨ ਮਾਹਿਰਾਂ ਵੱਲੋਂ ਕਿਸਾਨਾਂ ਦੇ ਫਲਾਂ, ਸਬਜ਼ੀਆਂ, ਰੁੱਖਾਂ ਦੇ ਪੌਦਿਆਂ, ਖਾਦਾਂ ਅਤੇ ਜ਼ਮੀਨੀ ਤੱਤਾਂ ਦੀ ਘਾਟ, ਫ਼ਸਲਾਂ ਸਬੰਧੀ ਕੀੜਿਆਂ ਦੀ ਰੋਕਥਾਮ, ਝੋਨੇ ਦੀ ਸਿੱਧੀ ਬਿਜਾਈ, ਚੂਹਿਆਂ ਦੀ ਰੋਕਥਾਮ, ਖੇਤੀ ਸਬੰਧੀ ਮਸ਼ੀਨਰੀ, ਫੁੱਲਾਂ ਦੀ ਖੇਤੀ ਅਤੇ ਮੌਸਮ ਸਬੰਧੀ ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਪੀ.ਏ.ਯੂ. ਮਾਹਿਰਾਂ ਵੱਲੋਂ ਦਿੱਤੇ ਗਏ।ਕਰੀਬ ਢਾਈ ਘੰਟੇ ਚੱਲੇ ਇਸ ਪ੍ਰੋਗਰਾਮ ਲਈ ਕਿਸਾਨਾਂ ਦੇ 200 ਦੇ ਕਰੀਬ ਸਵਾਲ ਆਏ।ਦੱਸਣਯੋਗ ਹੈ ਕਿ ਕੋਵਿਡ 19 ਦੇ ਚੱਲਦਿਆਂ ਸੂਬੇ ਵਿੱਚ ਆਮ ਵਰਗੀ ਸਥਿਤੀ ਬਹਾਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਘਰ ਬੈਠੇ ਹੀ ਹਰ ਤਰ•ਾਂ ਦੀਆਂ ਸਹੂਲਤਾਂ ਆਦਿ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲਾਈਵ ਦੌਰਾਨ ਡਾ ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ ਨਦੀਨਾਂ ਅਤੇ ਪਾਣੀ ਦੇ ਪ੍ਰਬੰਧ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਿੱਚ ਲੋੜ ਅਨੁਸਾਰ ਹੀ ਪਾਣੀ ਦੇਣਾ ਚਾਹੀਦਾ ਹੈ, ਜਿਸ ਕਰਕੇ ਜਿੱਥੇ ਫਸਲ ਨੂੰ ਲਾਭ ਮਿਲਦਾ ਹੈ ਉੱਥੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਉਨ•ਾਂ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਤਕਰੀਬਨ 21 ਦਿਨਾਂ 'ਤੇ ਪਾਣੀ ਲਗਾਉਣ ਪਿੱਛੋਂ ਸਿਰਫ ਖੇਤ ਵਿੱਚ ਵੱਤਰ ਨੂੰ ਬਰਕਰਾਰ ਰੱਖਣ ਲਈ ਕੁਝ ਦਿਨਾਂ ਦੇ ਫਰਕ ਨਾਲ ਮਿੱਟੀ ਦੀ ਕਿਸਮ ਅਤੇ ਮੌਸਮ ਅਨੁਸਾਰ ਹਲਕਾ ਪਾਣੀ ਦੇਣਾ ਚਾਹੀਦਾ ਹੈ। ਡਾ. ਮੱਖਣ ਨੇ ਕਿਹਾ ਕਿ ਖੇਤ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ ਕਿਉਂਕਿ ਜ਼ਿਆਦਾ ਪਾਣੀ ਦੇਣ ਨਾਲ ਖੁਰਾਕੀ ਤੱਤਾਂ ਖਾਸ ਤੌਰ 'ਤੇ ਨਾਈਟ੍ਰੋਜਨ ਉੱਤੇ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਫਸਲ ਦਾ ਰੰਗ ਪੀਲਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਨ•ਾਂ ਦੱਸਿਆ ਕਿ ਜ਼ਿਆਦਾ ਪਾਣੀ ਦੇ ਨਾਲ ਖੇਤ ਵਿਚ ਨਦੀਨਾਂ ਦੀ ਸਮੱਸਿਆ ਵੱਧ ਸਕਦੀ ਹੈ।
ਇਸ ਮੌਕੇ ਫਰੂਟ ਸਾਇੰਸਜ਼ ਵਿਭਾਗ ਤੋਂ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨਾਂ ਵੱਲੋਂ ਪੀ.ਏ.ਯੂ ਵੱਲੋਂ ਤਿਆਰ ਕੀਤੀ ਅਮਰੂਦਾਂ ਦੀ ਨਵੀਂ ਕਿਸਮ ਐਪਲ ਗੁਆਵਾ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਸ ਦੇ ਬੂਟੇ ਇਸ ਸਾਲ ਦੇ ਸਤੰਬਰ ਮਹੀਨੇ ਤੱਕ ਪੀ.ਏ.ਯੂ. ਦੇ ਫਲ ਵਿਭਾਗ ਵੱਲੋਂ ਮਿਲਣੇ ਸ਼ੁਰੂ ਹੋ ਜਾਣਗੇ। ਉਨ•ਾਂ ਦੱਸਿਆ ਕਿ ਇਸ ਬੂਟੇ ਦਾ ਅਮਰੂਦ ਬਾਹਰੋਂ ਲਾਲ ਰੰਗ ਦਾ ਹੁੰਦਾ ਹੈ ਜੋ ਦੇਖਣ ਨੂੰ ਕਾਫੀ ਖਿੱਚਵਾਂ ਹੈ। ਮੌਸਮ ਵਿਗਿਆਨੀ ਡਾ. ਕੇ.ਕੇ ਗਿੱਲ ਪੰਜਾਬ ਦੇ ਵੱਖ ਵੱਖ ਜ਼ਿਲਿ•ਆਂ ਵਿੱਚ ਮੌਸਮ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਅਤੇ 12 ਜੁਲਾਈ ਨੂੰ ਪੰਜਾਬ ਭਰ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਡਾ. ਕੁਲਬੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਰੁਪਿੰਦਰ ਸਿੰਘ ਗਿੱਲ, ਡਾ. ਯੁਵਰਾਜ ਸਿੰਘ ਪਾਂਧਾ, ਡਾ. ਅਮਰਜੀਤ ਸਿੰਘ, ਡਾ. ਸੰਜੀਵ ਚੌਹਾਨ, ਡਾ. ਨੀਨਾ ਸਿੰਗਲਾ, ਡਾ. ਮਹੇਸ਼ ਨਾਰੰਗ, ਡਾ. ਰਣਜੀਤ ਸਿੰਘ ਤੇ ਡਾ. ਕੇ.ਬੀ. ਸਿੰਘ ਅਤੇ ਡਾ. ਸਿਮਰਜੀਤ ਕੌਰ ਵੱਲੋਂ ਵੀ ਕਿਸਾਨਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਗਏ।
ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ ਨੇ ਕਿਹਾ ਕਿ ਪੀ.ਏ.ਯੂ. ਵੱਲੋਂ ਆਪਣੇ ਅਗਲਾ ਸੱਤਵਾਂ ਫੇਸਬੁੱਕ ਲਾਈਵ 15 ਜੁਲਾਈ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਕਿਸਾਨ ਵੀਰ ਇਸ ਪ੍ਰੋਗਰਾਮ ਲਈ ਆਪਣੇ ਸਵਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫੇਸਬੁੱਕ ਪੇਜ ਉੱਤੇ ਭੇਜ ਸਕਦੇ ਹਨ।