ਅਸ਼ੋਕ ਵਰਮਾ
ਬਠਿੰਡਾ 13 ਜੁਲਾਈ 2020: ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵਲੋਂ ਗਿਣੇ ਮਿਥੇ ਢੰਗ ਨਾਲ ਝੂਠੇ ਕੇਸਾਂ ਵਿੱਚ ਫਸਾ ਕੇ ਲੰਬੇ ਅਰਸੇ ਤੋਂ ਜੇਲਾਂ ਵਿੱਚ ਬੰਦ ਕੀਤੇ ਹੋਏ ਇਨਕਲਾਬੀ ਬੁੱਧੀਜੀਵੀਆਂ - ਖਾਸ ਕਰ ਉੱਘੇ ਬਜੁਰਗ ਤੇਲਗੂ ਲੇਖਕ ਵਾਰਵਰਾ ਰਾਓ ਅਤੇ ਪ੍ਰੋਫੈਸਰ ਜੀ ਐਨ ਸਾਈਬਾਬਾ ਨੂੰ ਗੰਭੀਰ ਬੀਮਾਰੀ ਅਤੇ ਸਰੀਰਕ ਅਸਮਰਥਤਾ ਦੇ ਆਧਾਰ ਉੱਤੇ ਤੁਰੰਤ ਰਿਹਾਅ ਕੀਤਾ ਜਾਵੇ। ਲਿਬਰੇਸ਼ਨ ਦੇ ਜਿਲਾ ਸਕੱਤਰੇਤ ਕਾਮਰੇਡ ਹਰਵਿੰਦਰ ਸਿੰਘ ਸੇਮਾ , ਅਤੇ ਮਾਲਵਾ ਜੋਨ ਕਮੇਟੀ ਮੈਂਬਰ ਕਾਮਰੇਡ ਗੁਰਤੇਜ ਮਹਿਰਾਜ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਇਕ ਪਾਸੇ ਤਾਂ ਕੋਰੋਨਾ ਕਾਰਨ ਦੇਸ਼ ਦੀ ਸਰਬਉੱਚ ਅਦਾਲਤ ਵਲੋਂ ਸਰਕਾਰ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਲਾਂ ਵਿੱਚ ਭੀੜ ਘਟਾਉਣ ਲਈ ਬਜ਼ੁਰਗ ਕੈਦੀਆਂ ਜਾਂ ਹਵਾਲਾਤੀਆਂ ਅਤੇ ਸਧਾਰਨ ਜੁਰਮਾਂ ਵਾਲੇ ਕੈਦੀਆਂ ਨੂੰ ਜ਼ਮਾਨਤ ਜਾਂ ਪਰੋਲ ‘ਤੇ ਰਿਹਾਅ ਕਰ ਦਿੱਤਾ ਜਾਵੇ। ਉਨਾਂ ਕਿਹਾ ਕਿ ਕੌਮਾਂਤਰੀ ਤੌਰ ਤੇ ਜਾਣੇ ਜਾਂਦੇ ਇਨਕਲਾਬੀ ਤੇਲਗੂ ਲੇਖਕ ਕਾਮਰੇਡ ਵਾਰਵਰਾ ਰਾਓ - ਜਿੰਨਾਂ ਦੀ ਉਮਰ 80 ਸਾਲ ਤੋਂ ਉਪਰ ਹੈ ਅਤੇ ਜੋ ਗੰਭੀਰ ਤੌਰ ‘ਤੇ ਬੀਮਾਰ ਹਨ - ਨੂੰ ਕਰੀਬ ਬੀਤੇ ਦੋ ਸਾਲ ਤੋਂ ਇਕ ਹਵਾਲਾਤੀ ਵਜੋਂ ਜੇਲ ਵਿੱਚ ਬੰਦ ਕੀਤਾ ਹੋਇਆ ਹੈ।
ਉਨਾਂ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਮੰਗ ਕਰਨ ਦੇ ਬਾਵਜੂਦ ਉਨਾਂ ਨੂੰ ਨਾ ਤਾਂ ਜਮਾਨਤ ਉਤੇ ਰਿਹਾਅ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਜੇਲ ਅੰਦਰ ਉਨਾਂ ਦਾ ਸਹੀ ਢੰਗ ਨਾਲ ਇਲਾਜ ਕਰਵਾਇਆ ਜਾ ਰਿਹਾ ਹੈ।ਜਿਸ ਕਰਕੇ ਉਨਾਂ ਦਾ ਜੀਵਨ ਖਤਰੇ ਵਿੱਚ ਹੈ। ਇਸੇ ਤਰਾਂ ਪ੍ਰੋਫੈਸਰ ਜੀਐਨ ਸਾਈਬਾਬਾ - ਜਿੰਨਾਂ ਨੂੰ ਅਦਾਲਤ ਵਲੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ, ਬੀਤੇ ਕਈ ਸਾਲ ਤੋਂ ਜੇਲ ਵਿੱਚ ਬੰਦ ਹਨ । ਉਹ ਸਰੀਰਕ ਤੌਰ ਤੇ 90 ਫੀਸਦੀ ਅਪਾਹਜ ਅਤੇ ਖੁਦ ਆਪਣੀ ਸੰਭਾਲ ਕਰਨ ਤੋਂ ਪੂਰੀ ਤਰਾਂ ਅਸਮਰਥ ਹਨ। ਉਹ ਕਈ ਕਰੋਨਿਕ ਬੀਮਾਰੀਆਂ ਦੇ ਵੀ ਮਰੀਜ਼ ਹੋਣ ਦੇ ਬਾਵਜੂਦ ਹਕੂਮਤ ਉਨਾਂ ਨੂੰ ਪੈਰੋਲ ‘ਤੇ ਵੀ ਰਿਹਾਅ ਨਹੀਂ ਕਰ ਰਹੀ। ਆਗੂਆਂ ਨੇ ਸੁਪਰੀਮ ਕਰੋਟ ਨੂੰ ਅਪੀਲ ਕੀਤੀ ਕਿ ਅਦਾਲਤ ਅਪਣੇ ਵਿਸੇਸ਼ ਅਧਿਕਾਰਾਂ ਦੀ ਵਰਤੋਂ ਕਰਕੇ ਮਾਨਵੀ ਆਧਾਰ ਉੱਤੇ ਇੰਨਾਂ ਬੁੱਧੀਜੀਵੀਆਂ ਨੂੰ ਜ਼ਮਾਨਤ ਉਤੇ ਰਿਹਾਅ ਕਰੇ, ਤਾਂ ਕਿ ਉਹ ਜਿੱਥੇ ਕੋਰੋਨਾ ਦੀ ਲਾਗ ਤੋਂ ਬਚ ਜਾਣ, ਉੱਥੇ ਸਹੀ ਢੰਗ ਨਾਲ ਅਪਣਾ ਇਲਾਜ ਵੀ ਕਰਵਾ ਸਕਣ।