ਕਾਂਗਰਸ ਦਾ ਮੈਨੀਫੈਸਟੋ ਫਰੇਮ ਕਰਵਾ ਕੇ 13 ਅਗਸਤ ਨੂੰ ਕਾਂਗਰਸੀ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੂੰ ਵਾਪਿਸ ਮੋੜਨ ਜਾਣਗੇ ਸਸਅ/ਮਿਡ ਡੇ ਮੀਲ ਦਫਤਰੀ ਮੁਲਾਜ਼ਮ
ਕੈਬਿਨਟ ਸਬ ਕਮੇਟੀ ਮੀਟਿੰਗਾਂ ਕਰਕੇ ਨਾ ਸਾਰੇ, 3 ਸਾਲ ਦੀ ਨੋਕਰੀ ਪੂਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰੇ ਸਰਕਾਰ
ਮਿਤੀ 09-08-2020: "ਐਮ.ਐਲ.ਏ ਸਾਹਿਬ ਆਪਣਾ ਮੈਨੀਫੈਸਟੋ ਰੱਖ ਲਓ, ਸਾਡੇ ਤਾਂ ਕਿਸੇ ਕੰਮ ਨਹੀ ਆਇਆ" ਇਸ ਨਾਅਰੇ ਤਹਿਤ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ 13 ਅਗਸਤ ਨੂੰ ਜ਼ਿਲ੍ਹਾ ਫਾਜਿਲਕਾ ਦੇ ਹਲਕਾ ਫਾਜਿਲਕਾ ਤੋਂ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੂੰ ਚੋਣ ਮਨੋਰਥ ਪੱਤਰ ਵਾਪਿਸ ਮੋੜਨ ਜਾਣਗੇ ਕਿਉਕਿ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਚੋਣ ਮਨੋਰਥ ਪੱਤਰ ਸਾਡੇ ਕਿਸੇ ਕੰਮ ਨਹੀ ਆਇਆ ਹੈ ਇਸ ਵਿਚ ਮੁਲਾਜ਼ਮਾਂ ਨਾਲ ਕੀਤੇ ਵਾਅਦਿਆ ਵਿਚੋਂ ਇਕ ਵੀ ਵਾਅਦਾ ਸਰਕਾਰ ਨੇ ਪੂਰਾ ਨਹੀ ਕੀਤਾ ਹੈ।ਸਰਕਾਰ ਨੇ ਅਜੇ ਤੱਕ ਕੁਝ ਨਹੀ ਕੀਤਾ ਹੈ ਸਿਰਫ ਗੱਲਾਂ ਨਾਲ ਹੀ ਸਾਰਿਆ ਜਾ ਰਿਹਾ ਹੈ ਇਸ ਲਈ ਅਸੀ ਇਹ ਮੈਨੀਫੈਸਟੋ ਵਾਪਿਸ ਕਾਂਗਰਸੀ ਵਿਧਾਇਕਾਂ ਨੂੰ ਦੇਣਾ ਹੈ ਕਿਉਕਿ ਇਹ ਮੈਨੀਫੈਸਟੋ ਫਰੇਮ ਕਰਵਾ ਕੇ ਕੰਧ ਤੇ ਟੰਗਣ ਲਾਇਕ ਹੀ ਹੈ।
ਜ਼ਿਕਰਯੋਗ ਹੈ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਫੀ ਵਿਦ ਕੈਪਟਨ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁਲਾਜ਼ਮਾਂ ਨਾਲ ਕਈ ਮੀਟਿੰਗ ਕਰਕੇ ਮੁਲਾਜ਼ਮਾਂ ਦੀਆ ਮੰਗਾਂ ਨੂੰ ਹੱਲ ਕਰਨ ਦੇ ਵਾਅਦੇ ਕੀਤੇ ਗਏ ਸਨ ਅਤੇ ਮੈਨੀਫੈਸਟੋ ਦੇ ਪੇਜ਼ ਨੰਬਰ 117 ਤੇ ਵਾਅਦੇ ਦਰਜ਼ ਕੀਤੇ ਗਏ ਸਨ ਜਿਸ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 6ਵਾਂ ਪੇ ਕਮਿਸ਼ਨ ਲਾਗੂ ਕਰਨਾ ਅਤੇ ਡੀ.ਏ ਦੀਆ ਬਕਾਇਆ ਕਿਸ਼ਤਾਂ ਜ਼ਾਰੀ ਕਰਨਾ ਆਦਿ ਦਰਜ਼ ਸੀ ਪਰ ਸਾਢੇ ਤਿੰਨ ਸਾਲ ਬੀਤਣ ਤੇ ਇੰਨਾਂ ਵਾਅਦਿਆ ਵਿਚੋਂ ਇਕ ਵੀ ਵਾਅਦਾ ਸਰਕਾਰ ਨੇੱ ਪੂਰਾ ਨਹੀ ਕੀਤਾ ਜਿਸ ਤੋਂ ਖਫਾ ਮੁਲਾਜ਼ਮ ਇਹ ਕਦਮ ਚੁੱਕਣ ਨੂੰ ਮਜ਼ਬੂਰ ਹੋਏ ਹਨ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨੋਜ ਗੁਪਤਾ ਅਤੇ ਪ੍ਰੈਸ ਸਕੱਤਰ ਰਾਜੇਸ਼ ਵਾਟਸ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ ਕੈਬਿਨਟ ਸਬ ਕਮੇਟੀਆ ਬਣਾ ਕੇ ਟਾਈਮ ਪਾਸ ਕੀਤਾ ਜਾ ਰਿਹਾ ਹੈ। ਸਾਢੇ ਤਿੰਨ ਸਾਲ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹੁਣ ਤੱਕ 5 ਵਾਰ ਕੈਬਿਨਟ ਸਬ ਕਮੇਟੀ ਵਿਚ ਫੇਰਬਦਲ ਹੋ ਚੁੱਕੇ ਹਨ ਪਰ ਅੱਜ ਤੱਕ ਨਤੀਜ਼ਾ ਕੋਈ ਵੀ ਨਹੀ ਨਿਕਲਿਆ ਹੈ।ਮੁਲਾਜ਼ਮ ਆਗੂਆ ਨੇ ਕਿਹਾ ਕਿ ਸਰਕਾਰ ਕੈਬਿਨਟ ਸਬ ਕਮੇਟੀਆ ਦੀਆ ਸਿਰਫ ਮੀਟਿੰਗਾਂ ਕਰਕੇ ਨਾ ਸਾਰੇ ਸਗੋਂ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਵਿਭਾਗ ਅਧੀਨ ਲਿਆ ਕੇ ਪੱਕਾ ਕਰੇ ਕਿਉਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀ ਪੈਣਾ ਉਲਟਾ ਸਰਕਾਰ ਦੀ ਬੱਚਤ ਹੋਵੇਗੀ।ਆਗੂਆ ਨੇ ਕਿਹਾ ਕਿ ਸਰਕਾਰ ਦੇ ਝੂਠੇ ਵਾਅਦਿਆ ਤੋਂ ਖਫਾ ਮੁਲਾਜ਼ਮ 13 ਅਗਸਤ ਨੂੰ ਕਾਂਗਰਸੀ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੂੰ ਮੈਨੀਫੈਸਟੋ ਫਰੇਮ ਕਰਵਾ ਕੇ ਵਾਪਿਸ ਮੋੜਨ ਜਾਣਗੇ ਅਤੇ ਪੰਜਾਬ ਯੂਟੀ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਪੰਜਾਬ ਭਰ ਵਿਚ 15 ਅਗਸਤ ਅਤੇ 18 ਅਗਸਤ ਨੂੰ ਕੀਤੇ ਜਾ ਰਹੇ ਰੋਸ ਮੁਜਾਹਰਿਆਂ ਵਿਚ ਵੱਧ ਚੜ ਕੇ ਸ਼ਮੂਲੀਅਤ ਕਰਨਗੇ।