ਸਬ ਰਜਿਸਟਰਾਰ ਦਫ਼ਤਰਾਂ ਵਿੱਚ ਰਜਿਸਟ੍ਰੇਸ਼ਨ ਸਲੋਟਾਂ ਵਿੱਚ ਵਾਧਾ ਕਰਨ ਦੀ ਰੱਖੀ ਤਜਵੀਜ਼
ਮਾਲ ਲੋਕ ਅਦਾਲਤਾਂ ਕਰਵਾਈਆ ਜਾਣਗੀਆਂ
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਮਹੀਨਾਵਾਰ ਕੈਂਪਾਂ ਦਾ ਆਯੋਜਨ ਕਰਨ ਲਈ ਦਿੱਤੇ ਨਿਰਦੇਸ਼
ਐਸ ਏ ਐਸ ਨਗਰ, 05 ਅਗਸਤ 2020: ਕੋਵਿਡ ਮਹਾਂਮਾਰੀ ਦੇ ਸੰਕਟ ਕਾਰਨ ਮੱਠੇ ਪਏ ਜ਼ਿਲ੍ਹਾ ਦਫਤਰਾਂ ਦੇ ਕਾਰਜਾਂ ਦੀ ਗਤੀਸ਼ੀਲਤਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਵਲੋਂ ਅੱਜ ਇਥੇ ਮਾਲ ਦਫ਼ਤਰਾਂ ਦੇ ਕੰਮ ਦਾ ਜਾਇਜ਼ਾ ਲਿਆ ਗਿਆ।
ਉਹਨਾਂ ਕਿਹਾ “ਅਸੀਂ ਰੋਜ਼ਾਨਾ ਦੀਆਂ ਗਤੀਵਿਧੀਆਂ ਵੱਲ ਵੱਧ ਰਹੇ ਹਾਂ; ਦਫਤਰਾਂ ਵਿਚ ਦਿਨ ਪ੍ਰਤੀ ਦਿਨ ਕੰਮਕਾਜ ਸੁਚਾਰੂ ਢੰਗ ਨਾਲ ਕੀਤਾ ਜਾ ਰਿਹਾ ਹੈ। ਇਹ ਮੌਜੂਦਾ ਕੋਵੀਡ ਸੰਕਟ ਨਾਲ ਮੁਸ਼ਕਲ ਹੈ ਪਰ ਕਦਮ-ਦਰ-ਕਦਮ ਚਲਦਿਆਂ ਅਸੀਂ ਸਰਕਾਰੀ ਦਫਤਰਾਂ ਦੇ ਆਮ ਕੰਮਕਾਜ ਨੂੰ ਬਹਾਲ ਕਰਨ ਵੱਲ ਵਧਾਂਗੇ।” ਉਨ੍ਹਾਂ ਕਿਹਾ, “ਅਸੀਂ ਪੜਾਅਵਾਰ ਢੰਗ ਨਾਲ ਛੋਟੀਆਂ ਮੀਟਿੰਗਾਂ ਰਾਹੀਂ ਹਰ ਵਿਭਾਗ ਨੂੰ ਦਰਪੇਸ਼ ਚੁਣੌਤੀਆਂ ਦਾ ਜਾਇਜ਼ਾ ਲਵਾਂਗੇ ਅਤੇ ਮਹਾਂਮਾਰੀ ਦੇ ਦੌਰਾਨ ਉੱਤਮ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਾਂਗੇ।”
ਇਸੇ ਲੜੀ ਤਹਿਤ ਪਹਿਲੀ ਮੀਟਿੰਗ ਮਾਲ ਅਧਿਕਾਰੀਆਂ ਨਾਲ ਕੀਤੀ ਗਈ ਜਿਨ੍ਹਾਂ ਨੇ ਦੱਸਿਆ ਹੈ ਕਿ ਜਾਇਦਾਦ ਰਜਿਸਟ੍ਰੇਸ਼ਨ ਦੇ ਮਾਮਲਿਆਂ ਵਿਚ 7 ਤੋਂ 8 ਦਿਨਾਂ ਦਾ ਸਮਾਂ ਲੱਗ ਰਿਹਾ ਹੈ। ਇਸ ਲਈ, ਅਸੀਂ ਸੂਬਾ ਸਰਕਾਰ ਨੂੰ ਹਰੇਕ ਸਬ ਰਜਿਸਟਰਾਰ ਲਈ ਰਜਿਸਟ੍ਰੇਸ਼ਨ ਸਲੋਟ ਵਧਾਉਣ ਦੀ ਇਜਾਜ਼ਤ ਲੈਣ ਲਈ ਪੱਤਰ ਲਿਖ ਰਹੇ ਹਾਂ। ਇਸ ਤੋਂ ਇਲਾਵਾ, ਸਬ ਰਜਿਸਟਰਾਰ ਦਫਤਰਾਂ ਵਿਚ ਲੋਕਾਂ ਦੀ ਆਮਦ ਨੂੰ ਨਿਯਮਤ ਕਰਨ ਲਈ ਅਤੇ ਲੰਬਿਤ ਪਏ ਮਾਮਲਿਆਂ ਨਾਲ ਨਜਿੱਠਣ ਲਈ ਕੰਮ ਦਾ ਸਮਾਂ ਸਵੇਰੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਦੀ ਬਜਾਇ ਸਵੇਰੇ 8 ਵਜੇ ਤੋਂ ਸਵੇਰੇ 6 ਵਜੇ ਤੱਕ ਵਧਾਉਣ ਬਾਰੇ ਵਿਚਾਰਿਆ ਜਾ ਰਿਹਾ ਹੈ। ਵਾਧੂ ਕੈਮਰੇ, ਕੰਪਿਊਟਰ, ਹੋਰ ਬੁਨਿਆਦੀ ਢਾਂਚਾ ਅਤੇ ਪੜਾਅਵਾਰ ਅਧਾਰ 'ਤੇ ਸਟਾਫ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ। ਅਸੀਂ ਪਟਵਾਰ ਸਰਕਲ / ਪਿੰਡ ਪੱਧਰ 'ਤੇ ਮਾਲ ਲੋਕ ਅਦਾਲਤਾਂ ਲਗਾਉਣ ਦੀ ਸੰਭਾਵਨਾ ਦੀ ਵੀ ਜਾਂਚ ਕਰ ਰਹੇ ਹਾਂ।
ਇਸ ਤੋਂ ਇਲਾਵਾ, ਜਨਤਕ ਸਹੂਲਤਾਂ ਲਈ ਅਸੀਂ ਇਕ ਵਾਰ ਫਿਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਤਹਿਤ ਮਹੀਨਾਵਾਰ ਕੈਂਪ ਲਗਾਉਣਾ ਸ਼ੁਰੂ ਕਰਾਂਗੇ। ਇਨ੍ਹਾਂ ਕੈਂਪਾਂ ਵਿਚ ਸਿਹਤ ਅਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ, ਖੇਤੀਬਾੜੀ, ਸਹਿਕਾਰੀ, ਰੁਜ਼ਗਾਰ ਉਤਪਤੀ ਅਤੇ ਮਾਲ ਸਮੇਤ ਸਾਰੇ ਪ੍ਰਮੁੱਖ ਵਿਭਾਗ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ।
ਐਸ.ਡੀ.ਐਮਜ਼ ਦੁਆਰਾ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਫੀਲਡ ਦਫਤਰਾਂ/ਅਧਿਕਾਰੀਆਂ ਦੇ ਕੰਮ ਵਿਚ ਕੋਈ ਵੀ ਢਿੱਲ ਨਾ ਆਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਡੀ) ਰਾਜੀਵ ਗੁਪਤਾ, ਹਿਮਾਂਸ਼ੂ ਜੈਨ, ਕੁਲਦੀਪ ਬਾਵਾ, ਜਗਦੀਪ ਸਹਿਗਲ (ਸਾਰੇ ਐਸਡੀਐਮਜ਼) ਅਤੇ ਡੀਆਰਓ ਮੇਜਰ ਬੈਨੀਪਾਲ ਮੌਜੂਦ ਸਨ।