← ਪਿਛੇ ਪਰਤੋ
ਕਿਹਾ, ਮੈਂ ਜ਼ਿੰਦਗੀ ਭਰ ਸਿਵਲ ਹਸਪਤਾਲ ਮੁਹਾਲੀ ਦੇ ਡਾਕਟਰਾਂ ਦੀ ਟੀਮ ਦੀ ਰਹਾਂਗੀ ਅਹਿਸਾਨਮੰਦ ਮੁਹਾਲੀ, 31 ਅਗਸਤ 2020: ‘‘ਕੋਵਿਡ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਆਪਣੇ ਵੀ ਦੂਰੀ ਬਣਾਉਣ ’ਤੇ ਮਜਬੂਰ ਹਨ ਉੱਥੇ ਸਿਵਲ ਹਸਪਤਾਲ ਮੁਹਾਲੀ ਦੇ ਡਾਕਟਰਾਂ ਤੇ ਨਰਸਾਂ ਨੇ ਪੂਰੀ ਵਾਹ ਲਾ ਕੇ ਮੈਨੂੰ ਕਰੋਨਾ ਮੁਕਤ ਬੱਚੇ ਨੂੰ ਜਨਮ ਦੇਣ ਵਿੱਚ ਸਹਾਇਤਾ ਕੀਤੀ। ਕੋਵਿਡ ਪਾਜ਼ੇਟਿਵ ਹੋਣ ਕਾਰਨ ਮੈਨੂੰ ਬੇਹੱਦ ਮਾਨਸਿਕ ਤਣਾਅ ਸੀ ਅਤੇ ਮੇਰਾ ਨਾਰਮਲ ਜਣੇਪਾ ਸੰਭਵ ਨਹੀਂ ਸੀ। ਪਰ, ਡਾਕਟਰਾਂ ਨੇ ਮੇਰਾ ਅਪ੍ਰੇਸ਼ਨ ਕੀਤਾ ਤੇ ਮੈਂ ਤੰਦਰੁਸਤ ਬੱਚੇ ਦੀ ਮਾਂ ਬਣੀ। ਰੱਬ ਇਨਾਂ ਦਾ ਭਲਾ ਕਰੇ! ਮੈਂ ਸਾਰੀ ਜ਼ਿੰਦਗੀ ਪੰਜਾਬ ਸਰਕਾਰ ਅਤੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਅਹਿਸਾਨਮੰਦ ਰਹਾਂਗੀ।’’ ਇਹ ਪ੍ਰਗਟਾਵਾ ਮੁਹਾਲੀ ਦੇ ਪਿੰਡ ਲਾਹੌਰੀ ਦੀ ਕਰੋਨਾ ਪਾਜ਼ੇਟਿਵ ਗਰਭਵਤੀ ਮਹਿਲਾ ਅਮਨਦੀਪ ਕੌਰ ਨੇ ਸਿਵਲ ਹਸਪਤਾਲ ਮੁਹਾਲੀ ਵਿਖੇ ਕਰੋਨਾ ਰਹਿਤ ਤੰਦਰੁਸਤ ਬੱਚੇ ਨੂੰ ਜਨਮ ਦੇਣ ਉਪਰੰਤ ਕੀਤਾ। ਆਪਣੇ ਅਤੇ ਬੱਚੇ ਦੀ ਸਥਿਤੀ ਨੂੰ ਸਿਵਲ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿੱਚੋਂ ਸਾਂਝਾ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਡਾਕਟਰਾਂ ਅਤੇ ਨਰਸਾਂ ਵੱਲੋਂ ਉਸਦੀ ਅਤੇ ਉਸਦੇ ਬੱਚੇ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਦਵਾਈ ਦਾ ਪੂਰਾ ਪ੍ਰਬੰਧ ਹੈ ਅਤੇ ਵਧੀਕਾ ਖੁਰਾਕ ਵੀ ਮਿਲ ਰਹੀ ਹੈ। ਉਸਨੇ ਆਪਣੇ ਵਰਗੀਆਂ ਔਰਤਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਅਫ਼ਵਾਹਾਂ ਤੋਂ ਸਾਵਧਾਨ ਰਹਿਣ ਅਤੇ ਜਣੇਪਾ ਹਸਪਤਾਲ ਵਿੱਚ ਹੀ ਕਰਵਾਉਣ। ਹਸਪਤਾਲ ਪੂਰੀ ਤਰਾਂ ਸੁਰੱਖਿਅਤ ਹਨ ਅਤੇ ਇੱਥੇ ਮਾਂ ਅਤੇ ਬੱਚੇ ਦੀ ਪੂਰੀ ਦੇਖਭਾਲ ਕੀਤੀ ਜਾਂਦੀ ਹੈ।
Total Responses : 267