ਕੋਰੋਨਾ ਵਿਰੁੱਧ ਮੂਹਰਲੀ ਕਤਾਰ ਦੇ ਯੋਧਿਆਂ ਦੀ ਹੌਂਸਲਾ ਅਫ਼ਜਾਈ ਜਰੂਰੀ-ਪਰਨੀਤ ਕੌਰ
ਪਟਿਆਲਾ, 10 ਅਗਸਤ 2020: ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿੱਢੀ ਜੰਗ ਮਿਸ਼ਨ ਫ਼ਤਿਹ ਜਿੱਤਣ ਲਈ ਮੀਡੀਆ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਵਿਰੁੱਧ 24 ਘੰਟੇ-ਸੱਤੇ ਦਿਨ ਜੰਗ ਲੜ ਰਹੇ ਸਾਡੇ ਮੂਹਰਲੀ ਕਤਾਰ ਦੇ ਯੋਧਿਆਂ, ਡਾਕਟਰਾਂ, ਨਰਸਾਂ, ਪੁਲਿਸ, ਸਫਾਈ ਕਰਮੀਆਂ ਆਦਿ ਦਾ ਮਨੋਬਲ ਉਚਾ ਚੁੱਕਣ ਲਈ ਮੀਡੀਆ ਦੀ ਭੂਮਿਕਾ ਅਹਿਮ ਹੁੰਦੀ ਹੈ, ਜਿਸ ਲਈ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਾਰਥਿਕ ਭੂਮਿਕਾ ਨਿਭਾਉਂਦਿਆਂ ਮੀਡੀਆ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਿਮਾਰੀ ਦੇ ਟਾਕਰੇ ਲਈ ਇਲਾਜ ਦੇ ਨਾਲ ਨਾਲ ਅਫ਼ਵਾਹਾਂ ਤੇ ਭਰਮ ਭੁਲੇਖਿਆਂ ਵਾਲੀ ਜਾਣਕਾਰੀ ਦੇ ਫੈਲਾਅ ਪ੍ਰਤੀ ਖ਼ਬਰਦਾਰ ਹੋਣ ਦੀ ਲੋੜ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਅਪੀਲ ਕਰਦਿਆਂ ਕਿਹਾ ਕਿ ਜਦੋਂ ਡਾਕਟਰ, ਨਰਸਾਂ, ਵਾਰਡ ਅਟੈਂਡੈਂਟ, ਦਰਜਾ ਚਾਰ ਤੇ ਹੋਰ ਮੈਡੀਕਲ ਅਮਲੇ ਦੇ 54 ਮੈਂਬਰ ਵੀ ਕੋਵਿਡ ਦੀ ਲਾਗ ਤੋਂ ਪੀੜਤ ਹੋਏ ਸਨ ਤਾਂ ਅਜਿਹੇ 'ਚ ਸਾਨੂੰ ਰਾਜਨੀਤੀ ਤੋਂ ਗੁਰੇਜ਼ ਕਰਦੇ ਹੋਏ ਕੋਰੋਨਾ ਯੋਧਿਆਂ ਦੀ ਇਜ਼ਤ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਆਰ.ਪੀ.ਐਸ. ਸਿਬੀਆ ਕੋਵਿਡ ਪਾਜਿਟਿਵ ਹੋਣ ਦੇ ਬਾਵਜੂਦ ਵੀ ਕੋਵਿਡ ਮਰੀਜਾਂ ਦੀ ਦੇਖਭਾਲ ਲਈ ਲਾਗਾਤਾਰ ਆਪਣੇ ਸਾਥੀਆਂ ਨਾਲ ਤਾਲਮੇਲ ਰੱਖ ਰਹੇ ਹਨ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ 'ਚ 1723 ਕੋਵਿਡ ਪਾਜ਼ਿਟਿਵ ਰਾਜੀ ਹੋਏ ਹਨ ਅਤੇ ਬਾਕੀ ਹਜ਼ਾਰ ਦੇ ਕਰੀਬ ਮਰੀਜਾਂ ਦਾ ਇਲਾਜ ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਹੋਰ ਕੋਵਿਡ ਕੇਅਰ ਸੈਂਟਰਾਂ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ 18 ਕੰਟੇਨਮੈਂਟ ਜੋਨ ਬਣਾਏ ਗਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਨਿਰੰਤਰ ਅਣਥੱਕ ਕੰਮ ਕਰ ਰਿਹਾ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਮਹਾਂਮਾਰੀ ਦੇ ਭਿਆਨਕ ਸਮੇਂ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਉਣ ਲਈ ਬਿਹਤਰ ਸਿਹਤ ਸੇਵਾਵਾਂ ਨੂੰ ਤਵੱਜੋ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ 'ਚ ਕੋਵਿਡ ਮਰੀਜਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ ਅਤੇ ਇੱਥੇ ਪੌਸ਼ਟਿਕ ਖਾਣਾ ਦੇਣ ਸਮੇਤ ਮਰੀਜਾਂ ਦੇ ਘਰਾਂ ਤੋਂ ਵੀ ਖਾਣਾ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਹਨ।
ਲੋਕ ਸਭਾ ਮੈਂਬਰ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਬਿਹਤਰ ਇਲਾਜ ਪ੍ਰਬੰਧਾਂ ਲਈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹ ਖ਼ੁਦ ਨਿਗਰਾਨੀ ਰੱਖ ਰਹੇ ਹਨ, ਉਥੇ ਹੀ ਇੱਥੇ ਡੈਡੀਕੇਟਿਡ ਆਈ.ਏ.ਐਸ. ਅਧਿਕਾਰੀ ਸ੍ਰੀਮਤੀ ਸੁਰਭੀ ਮਲਿਕ ਨੂੰ ਪ੍ਰਸ਼ਾਸਕ ਵੀ ਲਾਇਆ ਗਿਆ ਹੈ।
ਪਰਨੀਤ ਕੌਰ ਨੇ ਲੋਕਾਂ ਨੂੰ ਮੁੜ ਤੋਂ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਬਚਾਅ ਲਈ ਇਹਤਿਆਤ ਵਰਤਦੇ ਹੋਏ ਘਰਾਂ ਤੋਂ ਬਿਨ੍ਹਾਂ ਕੰਮ ਤੋਂ ਬਾਹਰ ਨਾ ਨਿਕਲਣ ਅਤੇ ਮਾਸਕ ਪਾਉਣ, ਆਪਸੀ ਦੂਰੀ ਬਣਾ ਕੇ ਰੱਖੀ ਜਾਵੇ ਤੇ ਹੱਥ ਵਾਰ-ਵਾਰ ਧੋਏ ਜਾਣ।