ਸਰਕਾਰੀ ਸਕੂਲਾਂ ਦੀ ਸਮਾਰਟ ਸਕੂਲ ਨੀਤੀ ਨੂੰ ਭਰਵਾਂ ਹੁੰਗਾਰਾ
ਅਸ਼ੋਕ ਵਰਮਾ
ਮਾਨਸਾ 31 ਅਗਸਤ 2020: ਪੰਜਾਬ ਭਰ ਚ ਸਰਕਾਰੀ ਸਕੂਲਾਂ ਦੀ ਸਮਾਰਟ ਸਿੱਖਿਆ ਨੀਤੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਮਹਿੰਗੀਆਂ ਫੀਸਾਂ ਤੋਂ ਅੱਕੇ ਲੋਕ ਹੁਣ ਸਮੂਹਿਕ ਰੂਪ ਵਿੱਚ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਦੇ ਕ੍ਰਾਂਤੀਕਾਰੀ ਰਾਹ ਪਏ ਹਨ। ਅਜਿਹਾ ਹੀ ਇਕ ਵੱਡਾ ਫੈਸਲਾ ਇਸ ਜ਼ਿਲ੍ਹੇ ਦੇ ਬਰੇਟਾ ਬਲਾਕ ਵਿਚਲੇ ਪਿੰਡ ਦਿਆਲਪੁਰਾ ਦੇ ਮਾਪਿਆਂ ਨੇ ਲਿਆ ਹੈ। ਜਿਨ੍ਹਾਂ ਨੇ ਅੱਜ ਇੱਕੋ ਦਿਨ 30 ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਵਿਖੇ ਦਾਖਲ ਕਰਵਾਕੇ ਇਲਾਕੇ ਭਰ ਚ ਸਰਕਾਰੀ ਸਕੂਲਾਂ ਦੇ ਹੱਕ ਵਿੱਚ ਵੱਡੀ ਲੋਕ ਲਹਿਰ ਵਿਢਣ ਦਾ ਫੈਸਲਾ ਕੀਤਾ ਹੈ।
ਇਲਾਕੇ ਦੇ ਵੱਖ ਵੱਖ ਪਬਲਿਕ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਦੀ ਅਗਵਾਈ ਕਰ ਰਹੇ ਜਸਵੀਰ ਸਿੰਘ ਨੇ ਕਿਹਾ ਕਿ
ਪ੍ਰਾਈਵੇਟ ਸਕੂਲਾਂ ਵਾਲੇ ਫੀਸਾਂ ਦੇ ਥੱਬੇ ਭਾਲਦੇ ਨੇ,ਪਰ ਸਕੂਲ ਬੰਦ ਹੋਣ ਕਾਰਨ ਪੜ੍ਹਾਈ ਠੱਪ ਪਈ ਹੈ,ਥੋੜੀ ਮੋਟੀ ਜੋ ਆਨਲਾਈਨ ਪੜ੍ਹਾਈ ਕਰਵਾਈ ਵੀ ਜਾਂਦੀ ਸੀ,ਤਾਂ ਨਿਤ ਦਿਨ ਫੀਸ ਨਾ ਭਰਨ ਕਰਕੇ ਗਰੁੱਪਾਂ ਵਿੱਚ ਬੱਚਿਆਂ ਦਾ ਨਾਮ ਕੱਢਕੇ ਮਾਪਿਆਂ ਨੂੰ ਜਲੀਲ ਕਰ ਰਹੇ ਸਨ,ਜਿਸ ਕਰਕੇ ਹੁਣ ਜਦੋਂ ਕਰੋਨਾ ਦੇ ਔਖੇ ਦੌਰ ਚ ਸਾਰੇ ਲੋਕਾਂ ਦੇ ਕੰਮ ਕਾਜ ਰੁੱਕ ਗਏ, ਉਸ ਸਮੇਂ ਵੀ ਉਨ੍ਹਾਂ ਵੱਲ੍ਹੋਂ ਮਾਪਿਆਂ ਨਾਲ ਹਮਦਰਦੀ ਨਹੀਂ ਰੱਖੀ ਜਾ ਰਹੀ। ਉਨ੍ਹਾਂ ਕਿਹਾ ਕਿ ਮਾਪੇ ਅਪਣੇ ਵਿਤ ਮੁਤਾਬਕ ਫਿਰ ਵੀ ਫੀਸ ਭਰਨ ਨੂੰ ਰਾਜ਼ੀ ਸਨ,ਪਰ ਇਸ ਦੇ ਬਾਵਜੂਦ ਉਨ੍ਹਾਂ ਵੱਲ੍ਹੋਂ ਅਪਣੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਨਾ ਦੇਣ ਅਤੇ ਮਾਪਿਆਂ ਤੋ ਪੂਰੀਆਂ ਫੀਸਾਂ ਮੰਗਣ ਲਈ ਦਬਾਅ ਪਾਇਆ ਜਾ ਰਿਹਾ ਸੀ,ਜਿਸ ਕਰਕੇ ਸਮੂਹਿਕ ਰੂਪ ਵਿੱਚ ਮਾਪਿਆਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਸਰਕਾਰੀ ਸਕੂਲ ਵਿੱਚ ਮੁਫਤ ਵਿੱਚ ਅਧੁਨਿਕ ਤੇ ਮਿਆਰੀ ਪੜ੍ਹਾਈ ਹੋ ਰਹੀ ਹੈ ਤਾਂ ਉਹ ਕਿਉਂ ਅਪਣੀ ਲੁੱਟ ਪ੍ਰਾਈਵੇਟ ਮਾਲਕਾਂ ਤੋਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਹੋਰਨਾਂ ਪਿੰਡਾਂ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਧਰ ਅਧਿਆਪਕ ਯੂਨੀਅਨ ਦੇ ਸੀਨੀਅਰ ਆਗੂ ਜਸਵੀਰ ਸਿੰਘ ਖੁਡਾਲ ਨੇ ਕਿਹਾ ਕਿ ਉਨ੍ਹਾਂ ਦੇ ਅਧਿਆਪਕ ਜਿਥੇ ਸਮੇਂ ਸਮੇਂ ਬੱਚਿਆਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਦੇ ਹਨ,ਉਥੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਹਰ ਉਪਰਾਲੇ ਕਰ ਰਹੇ ਹਨ।
ਸੈਂਟਰ ਹੈੱਡ ਟੀਚਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿੱਚ ਪਹਿਲਾ ਵੀ 50 ਦੇ ਕਰੀਬ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਤੋਂ ਹਟਕੇ ਆਏ ਹਨ ਅਤੇ ਹੁਣ ਇਕੋ ਦਿਨ ਸਮੂਹਿਕ ਰੂਪ ਵਿੱਚ 30 ਬੱਚਿਆਂ ਦੇ ਆਉਣ ਨਾਲ ਅਧਿਆਪਕਾਂ ਦੇ ਹੋਸਲੇ ਹੋਰ ਵਧੇ ਹਨ,ਹੁਣ ਸਕੂਲ ਦੀ ਗਿਣਤੁ 230 ਤੋਂ ਪਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵਧੀਆ ਮਿਆਰੀ ਸਿੱਖਿਆ ਦੇਣ ਦੇ ਮਾਮਲੇ ਵਿੱਚ ਕੋਈ ਕਸਰ ਨਹੀਂ ਰਹਿਣ ਦੇਣਗੇ,ਇਸ ਤੋ ਇਲਾਵਾ ਖੇਡਾਂ, ਸਭਿਆਚਾਰ ਅਤੇ ਹੋਰਨਾਂ ਪੱਖਾਂ ਤੋਂ ਵੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਗੰਭੀਰ ਉਪਰਾਲੇ ਕਰਨਗੇ।
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ, ਬਲਾਕ ਸਿੱਖਿਆ ਅਫਸਰ ਬਰੇਟਾ ਤਰਸੇਮ ਸਿੰਘ ਨੇ ਸਕੂਲ ਮੁੱਖੀ ਅਤੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਸਿੱਖਿਆ ਵਿਭਾਗ ਪੰਜਾਬ ਦੀ ਅਗਵਾਈ ਚ ਸਕੂਲ ਦੀ ਬੇਹਤਰੀ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਸਮੇ ਸਮੇਂ ਵਿਭਾਗ ਵੱਲੋਂ ਲੋੜੀਦੀਆਂ ਗਰਾਂਟਾਂ ਨਾਲ ਸਕੂਲ ਦੇ ਪ੍ਰਬੰਧਾਂ ਨੂੰ ਹੋਰ ਚੰਗਾ ਵਧੀਆ ਬਣਾਇਆ ਜਾਵੇਗਾ।
ਸਰਪੰਚ ਸਲਵਿੰਦਰ ਸਿੰਘ,ਮੈਂਬਰ ਪਰਾਗਰਾਜ,ਗੁਰਦਾਸ ਸਿੰਘ ਨੇ ਕਿਹਾ ਕਿ ਪੰਚਾਇਤ ਵੱਲ੍ਹੋਂ ਸਕੂਲ ਦੇ ਵਿਕਾਸ ਕਾਰਜਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇ। ਸਕੂਲ ਕਮੇਟੀ ਦੇ ਚੇਅਰਮੈਨ ਦਰਸ਼ਨ ਸਿੰਘ,ਬਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਭਰਵੇ ਸਹਿਯੋਗ ਨਾਲ ਇਹ ਸਕੂਲ ਬੇਹਤਰ ਕਾਰਗੁਜ਼ਾਰੀ ਦਿਖਾ ਰਿਹਾ ਹੈ,ਸੈਂਟਰ ਮੁੱਖੀ ਕੁਲਵਿੰਦਰ ਸਿੰਘ ਅਤੇ ਸਮੂਹ ਸਟਾਫ ਕਾਰਨ ਇਥੇਂ ਪੜ੍ਹਾਈ ਦਾ ਮਿਆਰ ਦਿਨੋ ਦਿਨ ਵੱਧ ਰਿਹਾ ਹੈ ਅਤੇ ਕਰੋਨਾ ਦੇ ਔਖੇ ਦੌਰ ਚ ਵੀ ਅਧਿਆਪਕ ਆਨਲਾਈਨ ਜਮਾਤਾਂ ਲਾਕੇ ਪੜ੍ਹਾਈ ਕਰਵਾ ਰਹੇ ਹਨ ਅਤੇ ਨਾਲੋ ਨਾਲ ਉਨ੍ਹਾਂ ਦੀ ਪੜ੍ਹਾਈ ਦੀ ਸਹੀ ਪਰਖ ਲਈ ਪੇਪਰ ਵੀ ਹੋ ਰਹੇ ਹਨ।