ਹੋਮ ਕੇਅਰ ਸੇਵਾਵਾਂ ਹਸਪਤਾਲਾਂ ਵਿਖੇ ਮਰੀਜਾਂ ਦੀ ਬੇਲੋੜੀ ਆਮਦ ਨੂੰ ਘੱਟ ਕਰਨ ਵਿਚ ਹੋਣਗੀਆਂ ਸਹਾਈ: -ਡੀ ਸੀ ਗਿਰੀਸ਼ ਦਿਆਲਨ
ਐਸ ਏ ਐਸ ਨਗਰ, 24 ਅਗਸਤ 2020: ਘਰੇਲੂ ਇਕਾਂਤਵਾਸ ਅਧੀਨ ਰਹਿ ਰਹੇ ਕੋਵਿਡ -19 ਮਰੀਜ਼ਾਂ ਦੀਆਂ ਚਿੰਤਾਵਾਂ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲ ਘਰੇਲੂ ਇਕਾਂਤਵਾਸ ਵਾਲੇ ਕੋਵਿਡ -19 ਦੇ ਮਰੀਜ਼ਾਂ ਨੂੰ 'ਹੈਲਥ ਕੇਅਰ' ਭਾਵ ਘਰ ਬੈਠੇ ਡਾਕਟਰੀ ਸੇਵਾਵਾਂ ਮੁਹੱਈਆ ਕਰਵਾਉਣ ਕਰਨਗੇ।
ਉਹਨਾਂ ਕਿਹਾ ਕਿ ਵੱਡੀ ਗਿਣਤੀ ਮਰੀਜ਼ਾਂ ਵਿਚ ਹਲਕੇ ਲੱਛਣ ਜਾਂ ਕੋਈ ਲੱਛਣ ਨਹੀਂ ਪਾਏ ਜਾਂਦੇ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ। ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਉਹ ਮਰੀਜ਼ ਜਿਨ੍ਹਾਂ ਵਿਚ ਹਲਕੇ ਲੱਛਣ ਹਨ ਅਤੇ ਸਹਿ-ਰੋਗ ਨਹੀਂ ਹਨ ਤੇ ਉਨ੍ਹਾਂ ਦੇ ਘਰ ਵਿਚ ਇਕਾਂਤਵਾਸ ਲਈ ਵੱਖਰਾ ਕਮਰਾ ਉਪਲੱਬਧ ਹੈ ਤਾਂ ਉਹ ਮਰੀਜ ਘਰੇਲੂ ਇਕਾਂਤਵਾਸ ਦੌਰਾਨ ਆਪਣੇ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹਨ। ਪਰ ਲੋਕਾਂ ਨੂੰ ਘਰੇਲੂ ਇਕਾਂਤਵਾਸ ਅਧੀਨ ਰਹਿਣ ਸਬੰਧੀ ਚਿੰਤਾਵਾਂ ਹਨ ਅਤੇ ਉਹ ਹਸਪਤਾਲ ਵਿਚ ਭਰਤੀ ਹੋਣ ਲਈ ਜ਼ੋਰ ਪਾਉਂਦੇ ਹਨ। ਜਿਸ ਨਾਲ ਗੰਭੀਰ ਮਰੀਜ਼ਾਂ ਲਈ ਬੈਡਾਂ ਦੀ ਕਮੀ ਹੋ ਸਕਦੀ ਹੈ।
ਕੋਵੀਡ -19 ਦੇ ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧਾ ਨੂੰ ਦੇਖਦਿਆਂ ਸ੍ਰੀ ਦਿਆਲਾਨ ਨੇ ਕਿਹਾ, "ਹੋਮ ਕੇਅਰ ਪੈਕੇਜ ਨਾਲ ਹਸਪਤਾਲਾਂ ਵਿੱਚ ਵੱਧ ਰਹੀ ਭੀੜ ਨੂੰ ਘਟਾਉਣ ਵਿੱਚ ਸਹਾਇਤਾ ਮਿਲੇਗੀ।"
ਸ੍ਰੀ ਦਿਆਲਨ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਅੱਜ ਇਥੇ ਇੱਕ ਮੀਟਿੰਗ ਹੋਈ ਜਿਸ ਵਿੱਚ ਫੋਰਟਿਸ ਅਤੇ ਮੈਕਸ ਹੈਲਥਕੇਅਰ ਨੂੰ ਨੋਵਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਹੋਮ ਕੇਅਰ ਪੈਕੇਜ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ ਜਦੋਂ ਕਿ ਹੋਰ ਹਸਪਤਾਲ ਵੀ ਇਹ ਸੇਵਾ ਪ੍ਰਦਾਨ ਕਰਨ ਦੀ ਸੰਭਾਵਨਾ ਦੀ ਪੜਚੋਲ ਕਰਨਗੇ।
ਮੁੱਖ ਤੌਰ 'ਤੇ, ਹੋਮ ਕੇਅਰ ਵਿਚ ਘਰੇਲੂ ਇਕਾਂਤਵਾਸ ਅਧੀਨ ਮਰੀਜ਼ਾਂ ਦੀ ਸਬੰਧਤ ਹਸਪਤਾਲ ਦੁਆਰਾ ਰਿਮੋਟ ਨਿਗਰਾਨੀ ਕਰਨਾ ਸ਼ਾਮਲ ਕੀਤਾ ਜਾਏਗਾ। ਮਰੀਜ਼ ਡਾਕਟਰਾਂ ਨਾਲ ਵੀਡੀਓ ਚੈਟ 'ਤੇ ਗੱਲ ਕਰਨਗੇ ਅਤੇ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਵੀ ਵੀਡੀਓ ਰਾਹੀਂ ਸਲਾਹ-ਮਸ਼ਵਰੇ ਲਈ ਉਪਲਬਧ ਹੋਣਗੇ। ਉਨ੍ਹਾਂ ਨੂੰ ਦਵਾਈ ਅਤੇ ਡਾਕਟਰੀ ਦੇਖਭਾਲ ਦੀਆਂ ਕਿੱਟਾਂ ਪ੍ਰਦਾਨ ਕੀਤੀਆਂ ਜਾਣਗੀਆਂ ਜੋ ਮਰੀਜ਼ ਦੀ ਸਥਿਤੀ ਵਿਗੜਨ ਸਬੰਧੀ ਪਤਾ ਲਗਾਉਣ ਵਿਚ ਸਹਾਇਕ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਸਪਤਾਲਾਂ ਨੂੰ ਇਹ ਪੈਕੇਜ ਸ਼ੁਰੂ ਕਰਨ ਅਤੇ ਇਹਨਾਂ ਦਾ ਵਿਆਪਕ ਤੌਰ 'ਤੇ ਪ੍ਰਚਾਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ "ਜੇਕਰ ਘਰੇਲੂ ਇਕਾਂਤਵਾਸ ਅਧੀਨ ਮਰੀਜ਼ ਸਰਕਾਰੀ ਮੈਡੀਕਲ ਫਾਲੋ ਅਪ ਤੋਂ ਬਾਅਦ ਵੀ ਆਪਣੇ ਸਵੈ-ਭਰੋਸੇ ਲਈ ਹੋਰ ਸਲਾਹ-ਮਸ਼ਵਰੇ ਦੇ ਚਾਹਵਾਨ ਹਨ, ਤਾਂ ਉਹ ਇਹਨਾਂ ਹਸਪਤਾਲਾਂ ਨਾਲ ਸੰਪਰਕ ਕਰਨ ਦੀ ਚੋਣ ਕਰ ਸਕਦੇ ਹਨ।”
ਹਸਪਤਾਲਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਹੋਮ ਕੇਅਰ ਦੇ ਵੱਖ ਵੱਖ ਪੈਕੇਜ ਉਪਲੱਬਧ ਹੋਣਗੇ ਜਿਵੇਂ ਇੱਕ ਬੇਸਿਕ ਪੈਕੇਜ ਜਿਸ ਇੱਕ ਸਿਖਲਾਈ ਪ੍ਰਾਪਤ ਨਰਸ ਦੁਆਰਾ ਦਿਨ ਵਿੱਚ ਦੋ ਵਾਰ ਮਰੀਜਾਂ ਦੀ ਨਿਗਰਾਨੀ ਕਰਨਾ, ਹਰ ਤੀਜੇ ਦਿਨ ਡਾਕਟਰ ਨਾਲ ਟੈਲੀ-ਰੀਵਿਊ ਦੇ ਨਾਲ-ਨਾਲ ਇੱਕ ਮੈਡੀਕਲ ਕਿੱਟ (ਥਰਮਾਮੀਟਰ ਸਮੇਤ ਇਕ ਆਕਸੀਜਨ ਮਾਪਣ ਵਾਲ ਮੀਟਰ) ਸ਼ਾਮਲ ਹੈ। ਦੂਜਾ ਪੈਕੇਜ ਸੰਪੂਰਨ ਕੋਵੀਡ ਕੇਅਰ ਪੈਕੇਜ ਹੈ, ਜਿਸ ਵਿਚ ਕੋਵਿਡ -19 ਟੈਸਟ ਸਮੇਤ ਐਨ-95 ਅਤੇ ਹੋਰ ਮਾਸਕ, ਦਸਤਾਨੇ, ਸੈਨੇਟਾਈਜ਼ਰ, ਇੱਕ ਨਬਜ਼ ਆਕਸੀਮੀਟਰ, ਇੱਕ ਡਿਜੀਟਲ ਥਰਮਾਮੀਟਰ, ਇੱਕ ਬਲੱਡ ਪ੍ਰੈਸ਼ਰ ਮਸ਼ੀਨ, ਇੱਕ ਪੀਪੀਈ ਕਿੱਟ ਦੇ ਨਾਲ ਨਾਲ ਮਰੀਜ ਦੀ ਗੰਭੀਰ ਸਥਿਤੀ ਬਾਰੇ ਚੇਤਾਵਨੀ ਦੇਣ ਵਾਲੇ ਮਹੱਤਵਪੂਰਨ ਨਿਗਰਾਨੀ ਉਪਕਰਣ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਨਾਲ ਸਲਾਹ ਮਸ਼ਵਰੇ ਤੋਂ ਇਲਾਵਾ, ਲੋੜ ਪੈਣ 'ਤੇ ਮਨੋਰੋਗਾਂ ਦੇ ਮਾਹਰ ਅਤੇ ਖੁਰਾਕ ਮਾਹਰਾਂ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈ ਜਾ ਸਕਦੀਆਂ ਹਨ।