ਇਕ ਕਰੋੜ ਰੁਪਏ ਦੀ ਲਾਗਤ ਨਾਲ ਫ਼ੇਜ਼ 1, 2, 3ਬੀ2 ਅਤੇ 5 ਦੀਆਂ ਮਾਰਕੀਟਾਂ ਦਾ ਹੋਵੇਗਾ ਕਾਇਆਕਲਪ
ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ ਉਘੇ ਕਾਂਗਰਸੀ ਆਗੂਆਂ ਦੀ ਮੌਜੂਦਗੀ ਵਿਚ ਰੱਖੇ ਨੀਂਹ ਪੱਥਰ
'ਕੋਰੋਨਾ ਵਾਇਰਸ' ਕਾਰਨ ਆਰਥਕ ਤੰਗੀ ਦੇ ਬਾਵਜੂਦ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਕਮੀ ਨਹੀਂ : ਸਿਹਤ ਮੰਤਰੀ
ਐਸ.ਏ.ਐਸ. ਨਗਰ, 05 ਅਗਸਤ 2020: ਮੋਹਾਲੀ ਸ਼ਹਿਰ ਵਿਚ ਜੰਗੀ ਪੱਧਰ 'ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੇ ਨਵੀਨੀਕਰਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ। ਸਿਹਤ ਮੰਤਰੀ ਸ. ਸਿੱਧੂ ਨੇ ਹਲਕਾ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਸਮੇਤ ਉਘੇ ਕਾਂਗਰਸੀ ਆਗੂਆਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਕਹੀ ਨਾਲ ਟੱਕ ਲਾ ਕੇ ਦੋ ਮਾਰਕੀਟਾਂ ਵਿਚ ਨੀਂਹ-ਪੱਥਰ ਰੱਖੇ ਅਤੇ ਇਕ ਮਾਰਕੀਟ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਗੱਲਬਾਤ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਅਤੇ ਗਤੀਸ਼ੀਲ ਅਗਵਾਈ ਹੇਠ ਸ਼ਹਿਰ ਦੀਆਂ ਮਾਰਕੀਟਾਂ ਦਾ ਮੂੰਹ-ਮੁਹਾਂਦਰਾ ਬਦਲਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਫ਼ੇਜ਼ 1, ਫ਼ੇਜ਼ 2, 3ਬੀ2 ਅਤੇ ਫ਼ੇਜ਼ 5 ਦੀਆਂ ਮਾਰਕੀਟਾਂ ਵਿਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ 'ਤੇ ਲਗਭਗ ਇਕ ਕਰੋੜ ਰੁਪਏ ਦੀ ਲਾਗਤ ਆਵੇਗੀ। ਇਨ੍ਹਾਂ ਵਿਕਾਸ ਕਾਰਜਾਂ ਵਿਚ ਫ਼ੇਜ਼ 1 ਅਤੇ 2 ਵਿਚ ਪੇਵਰ ਬਲਾਕ ਲਾਉਣਾ, ਪਾਰਕਿੰਗ ਅਤੇ ਪਾਰਕ ਦਾ ਵਿਕਾਸ, ਨਵੀਆਂ ਐਮ.ਐਸ. ਗਰਿੱਲਾਂ ਅਤੇ ਕੰਧ ਦਾ ਨਿਰਮਾਣ, ਵੱਖ-ਵੱਖ ਮੁਰੰਮਤ ਕਾਰਜ, ਫ਼ੇਜ਼ 5 ਅਤੇ 3ਬੀ2 ਵਿਚ ਫ਼ੁੱਟਪਾਥ ਦਾ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਸਮੇਤ ਵੱਖ-ਵੱਖ ਕੰਮ ਸ਼ਾਮਲ ਹਨ।
ਸਿਹਤ ਮੰਤਰੀ ਨੇ ਆਖਿਆ, 'ਮਾਰਕੀਟਾਂ ਦਾ ਮੂੰਹ-ਮੁਹਾਂਦਰਾ ਬਦਲਣ ਦਾ ਸਿਲਸਿਲਾ ਪਿਛਲੇ ਦਿਨੀਂ ਫ਼ੇਜ਼ 11 ਦੀ ਮਾਰਕੀਟ ਤੋਂ ਸ਼ੁਰੂ ਹੋਇਆ ਸੀ ਜਿਹੜਾ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਤਕ ਚਲਾਇਆ ਜਾਵੇਗਾ। ਸਾਡਾ ਟੀਚਾ ਹੈ ਕਿ ਸਮਾਂਬੱਧ ਅਤੇ ਸੁਚੱਜੇ ਢੰਗ ਨਾਲ ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਦੀ ਦਸ਼ਾ ਅਤੇ ਦਿਸ਼ਾ ਬਦਲ ਦਿੱਤੀ ਜਾਵੇ ਤੇ ਇਸ ਟੀਚੇ ਦੀ ਪ੍ਰਾਪਤੀ ਲਈ ਉਹ ਦਿਨ-ਰਾਤ ਯਤਨਸ਼ੀਲ ਹਨ।' ਇਸ ਮੌਕੇ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਨੇ ਸਿਹਤ ਮੰਤਰੀ ਦਾ ਸਨਮਾਨ ਵੀ ਕੀਤਾ।
ਸ. ਸਿੱਧੂ ਨੇ ਕਿਹਾ ਕਿ ਭਾਵੇਂ ਸੂਬਾ 'ਕੋਰੋਨਾ ਵਾਇਰਸ' ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਜਿਸ ਕਾਰਨ ਆਰਥਕ ਤੰਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਦੀਆਂ ਮਾਰਕੀਟਾਂ ਦਾ ਕਾਇਆਕਲਪ ਉਨ੍ਹਾਂ ਦੀਆਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ ਜਿਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁਕੀਆਂ ਹਨ। ਸਿਹਤ ਮੰਤਰੀ ਨੇ ਕਿਹਾ ਕਿ ਅੱਜ ਸ਼ੁਰੂ ਕੀਤੇ ਕੰਮਾਂ ਨੂੰ ਛੇਤੀ ਤੋਂ ਛੇਤੀ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿਤੀਆਂ ਗਈਆਂ ਹਨ ਅਤੇ ਇਨ੍ਹਾਂ ਕੰਮਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਉੱਚ ਪਾਏ ਦੀ ਹੋਵੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦਾ ਮੁੱਖ ਟੀਚਾ ਸ਼ਹਿਰਾਂ ਅਤੇ ਪਿੰਡਾਂ ਦਾ ਬਰਾਬਰ ਅਤੇ ਚੌਤਰਫ਼ਾ ਵਿਕਾਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਹੀ ਵਿਕਾਸ ਕਾਰਜਾਂ ਦੀ ਜੰਗੀ ਪੱਧਰ 'ਤੇ ਸ਼ੁਰੂਆਤ ਕਰ ਦਿਤੀ ਗਈ ਸੀ ਜਿਨ੍ਹਾਂ ਵਿਚੋਂ ਬਹੁਤੇ ਵਿਕਾਸ ਕਾਰਜ ਮੁਕੰਮਲ ਹੋ ਚੁਕੇ ਹਨ ਅਤੇ ਬਾਕੀ ਮੁਕੰਮਲ ਹੋਣ ਕੰਢੇ ਹਨ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਕਮਲ ਗਰਗ ਕਮਿਸ਼ਨਰ, ਮੁਕੇਸ਼ ਗਰਗ ਐਸਸੀ, ਜੀ.ਐਸ. ਰਿਆੜ, ਭਾਰਤ ਭੂਸ਼ਣ ਮੈਣੀ, ਸੁਮਨ ਗਰਗ, ਕੁਲਜੀਤ ਸਿੰਘ ਬੇਦੀ, ਤਰਨਜੀਤ ਕੌਰ ਗਿੱਲ, ਨਛੱਤਰ ਸਿੰਘ- ਸਾਰੇ ਸਾਬਕਾ ਕੌਂਸਲਰ, ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਸੁਨੀਲ ਕੁਮਾਰ ਪਿੰਕਾ, ਗੁਰਸਾਹਿਬ ਸਿੰਘ, ਪੀ ਐਸ ਵਿਰਦੀ, ਨਰਿੰਦਰ ਸਿੰਘ ਦਾਲਮ ਐਕਸੀਅਨ, ਸਤੀਸ਼ ਸੈਣੀ ਐਕਸੀਅਨ, ਹਰਪ੍ਰੀਤ ਸਿੰਘ ਐਕਸੀਅਨ, ਅਵਨੀਤ ਕੌਰ ਐਸਡੀਓ, ਸੁਨੀਲ ਸ਼ਰਮਾ ਐਸਡੀਓ, ਸੁਖਵਿੰਦਰ ਸਿੰਘ ਐਸਡੀਓ, ਧਰਮਿੰਦਰ ਸਿੰਘ ਜੇਈ, ਅਮਰੀਕ ਸਿੰਘ, ਜਤਿੰਦਰ ਸਿੰਘ ਭੱਟੀ, ਅਸ਼ੋਕ ਬਾਂਸਲ, ਨਵਨੀਤ ਤੋਖੀ, ਦਲਬੀਰ ਸਿੰਘ ਸੇਵਾਮੁਕਤ ਕਾਨੂੰਗੋ ਅਤੇ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਅਹੁਦੇਦਾਰ ਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ।