ਕੋਵਿਡ-19 ਦੌਰਾਨ ਜੁਲਾਈ ਮਹੀਨੇ 348 ਵਿੱਚੋਂ 310 ਡਿਫਾਲਟਰ ਵਾਹਨਾਂ ਨੂੰ 4.12 ਕਰੋੜ ਰੁਪਏ ਦਾ ਜੁਰਮਾਨਾ ਕੀਤਾ
ਚੰਡੀਗੜ੍ਹ, 10 ਅਗਸਤ 2020: ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਰ ਵਿਭਾਗ, ਪੰਜਾਬ ਦੇ ਇਨਫੋਰਸਮੈਂਟ ਵਿੰਗ ਵੱਲੋਂ ਕਰ ਚੋਰੀ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਪਿਛਲੇ ਮਹੀਨੇ ਜੁਲਾਈ 2020 ਵਿੱਚ ਕੁੱਲ 348 ਵਿੱਚੋਂ 310 ਡਿਫਾਲਟਰ ਵਾਹਨਾਂ ਨੂੰ 4.12 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਕਰ ਵਿਭਾਗ ਵੱਲੋਂ ਇਹ ਕਾਰਵਾਈ ਕੋਵਿਡ-19 ਦੇ ਅਣਕਿਆਸੇ ਸੰਕਟ ਦੇ ਬਾਵਜੂਦ ਕੀਤੀ ਗਈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰ ਚੋਰੀ ਸਬੰਧੀ ਕਰ ਵਿਭਾਗ ਨੂੰ ਚੌਕਸ ਰਹਿਣ ਲਈ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਕਰ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਸੂਬਾਈ ਕਰ ਕਮਿਸ਼ਨਰ ਨੀਲਕੰਠ ਐਸ. ਅਵਧ ਨੇ ਇਨਫੋਰਸਮੈਂਟ ਵਿੰਗ ਵੱਲੋਂ ਜੀ.ਐਸ.ਟੀ. ਚੋਰੀ ਨੂੰ ਰੋਕਣ ਸਬੰਧੀ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਸੂਬੇ ਦੇ ਖਜ਼ਾਨੇ ਦਾ ਵਿੱਤੀ ਨੁਕਸਾਨ ਹੋਣ ਤੋਂ ਬਚ ਗਿਆ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਅਧਿਕਾਰੀਆਂ ਨੂੰ ਕਿਹਾ ਕਿ ਕਰ ਉਗਰਾਹੀ ਦੇ ਮਾਮਲੇ ਵਿੱਚ ਕੋਈ ਵੀ ਸਮਝੌਤਾ ਨਾ ਕੀਤਾ ਜਾਵੇ ਅਤੇ ਸੂਬੇ ਦਾ ਮਾਲੀਆ ਵਧਾਉਣ ਲਈ ਕਰ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਕਰ ਵਿਭਾਗ ਦੇ ਬੁਲਾਰੇ ਅਨੁਸਾਰ ਜੁਲਾਈ 2020 ਦੌਰਾਨ ਲੋਹੇ ਦੇ ਸਕਰੈਪ ਵਾਲੇ ਵਾਹਨਾਂ 'ਤੇ 1.76 ਕਰੋੜ ਰੁਪਏ, ਲੋਹੇ ਅਤੇ ਸਟੀਲ ਵਿੱਚ ਤਿਆਰ ਮਾਲ ਵਾਲੇ ਵਾਹਨਾਂ 'ਤੇ 1.12 ਕਰੋੜ ਰੁਪਏ, ਪ੍ਰਚੂਨ/ਮਿਸ਼ਰਤ ਚੀਜ਼ਾਂ ਲਿਜਾਣ ਵਾਲੇ ਵਾਹਨਾਂ 'ਤੇ 65 ਲੱਖ ਰੁਪਏ, ਐਲੂਮੀਨੀਅਮ ਸਕਰੈਪ/ਤਾਂਬਾ ਸਕਰੈਪ ਵਾਲੀਆਂ ਗੱਡੀਆਂ 'ਤੇ 15.5 ਲੱਖ ਰੁਪਏ, ਸਿਗਰੇਟ/ਤੰਬਾਕੂ ਉਤਪਾਦ ਲਿਜਾਣ ਵਾਲੀਆਂ ਗੱਡੀਆਂ 'ਤੇ 7.5 ਲੱਖ ਰੁਪਏ ਅਤੇ ਹੋਰ ਵੱਖ-ਵੱਖ ਵਸਤਾਂ ਲਿਜਾਣ ਵਾਲੇ ਵਾਹਨਾਂ 'ਤੇ 34.81 ਲੱਖ ਜੁਰਮਾਨਾ ਲਗਾਇਆ ਗਿਆ ਹੈ।
ਬੁਲਾਪੇ ਨੇ ਅਗਾਂਹ ਵੇਰਵੇ ਦਿੰਦਿਆਂ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਵਸਤਾਂ 'ਤੇ ਲੱਗੇ ਕੁੱਲ ਜੁਰਮਾਨੇ ਵਿੱਚ ਲੋਹੇ ਦੇ ਸਕਰੈਪ ਉਪਰ ਲੱਗਿਆ ਜੁਰਮਾਨਾ ਕੁੱਲ ਜੁਰਮਾਨੇ ਦਾ 42 ਫੀਸਦੀ ਬਣਦਾ ਹੈ, ਜਦੋਂ ਕਿ ਲੋਹੇ ਅਤੇ ਸਟੀਲ ਵਿੱਚ ਤਿਆਰ ਮਾਲ ਸਮੁੱਚੇ ਜੁਰਮਾਨੇ ਦਾ 27 ਫੀਸਦੀ ਅਤੇ ਪਰਚੂਨ/ਮਿਸ਼ਰਤ ਚੀਜ਼ਾਂ ਦਾ ਕੁੱਲ ਜੁਰਮਾਨਾ 15 ਫੀਸਦੀ ਬਣਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਪੰਜਾਬ ਵਿੱਚ ਮੋਬਾਈਲ ਵਿੰਗ ਵਿੱਚ ਤਾਇਨਾਤ ਵੱਖ-ਵੱਖ ਅਧਿਕਾਰੀਆਂ ਵਿੱਚੋਂ ਮੋਬਾਈਲ ਵਿੰਗ ਚੰਡੀਗੜ੍ਹ-2 ਵਿੱਚ ਕੰਮ ਕਰ ਰਹੇ ਐਸ.ਟੀ.ਓ. ਰਾਜੀਵ ਸ਼ਰਮਾ ਵੱਲੋਂ ਸਭ ਤੋਂ ਜ਼ਿਆਦਾ 21 ਟੈਕਸ ਚੋਰੀ ਦੇ ਕੇਸ ਪਕੜੇ ਗਏ ਜਿਨ੍ਹਾਂ ਉਤੇ ਕੁੱਲ 55 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸ ਮਹੀਨੇ ਇਕੋ ਕੇਸ ਵਿੱਚ ਵੱਧ ਤੋਂ ਵੱਧ ਲਗਾਇਆ ਗਿਆ ਜੁਰਮਾਨਾ 14 ਲੱਖ ਰੁਪਏ ਹੈ। ਇਹ ਤਾਂਬੇ ਦੇ ਸਕਰੈਪ ਅਤੇ ਐਲੂਮੀਨੀਅਮ ਸਕਰੈਪ ਦੀ ਕਰੀਬ 45 ਲੱਖ ਰੁਪਏ ਦੀ ਜਾਅਲੀ ਖਰੀਦ ਦਾ ਮਾਮਲਾ ਸੀ। ਇਹ ਕਾਰਵਾਈ ਐਸ.ਟੀ.ਓ. ਰਾਜੀਵ ਸ਼ਰਮਾ ਦੁਆਰਾ ਸ਼ੰਭੂ ਨੇੜੇ ਜੀ.ਟੀ. ਰੋਡ 'ਤੇ ਕੀਤੀ ਵਾਹਨਾਂ ਦੀ ਚੈਕਿੰਗ ਦੌਰਾਨ ਕੀਤੀ ਗਈ।