ਕੁਲਵੰਤ ਸਿੰਘ ਬੱਬੂ
ਨੇਪਰਾਂ ਦੇ ਮਹਿੰਦਰ ਸਿੰਘ ਤੇ ਸ਼ਾਹਪੁਰ ਅਰਾਈਆਂ ਦੇ ਚਰਨ ਸਿੰਘ ਨੂੰ ਕੀਤਾ ਸਨਮਾਨਤ
ਭਾਰਤ ਛੱਡੋ ਅੰਦੋਲਨ ਨੇ ਦੇਸ਼ ਦੀ ਆਜ਼ਾਦੀ ਦੀ ਨੀਂਹ ਰੱਖੀ-ਖੁਸ਼ਦਿਲ ਸਿੰਘ
ਰਾਜਪੁਰਾ, ਘਨੌਰ, ਪਟਿਆਲਾ, 10 ਅਗਸਤ 2020: ਦੇਸ਼ ਦੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸੁਤੰਤਰਤਾ ਸੰਗਰਾਮੀਆਂ ਦਾ ਸਨਮਾਨ ਕਰਦਿਆਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਅੱਜ 'ਭਾਰਤ ਛੱਡੋ ਅੰਦੋਲਨ' 'ਚ ਹਿੱਸਾ ਲੈਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਦੋ ਵਸਨੀਕਾਂ ਦਾ ਸਨਮਾਨ ਕੀਤਾ ਗਿਆ। ਰਾਜਪੁਰਾ ਦੇ ਪਿੰਡ ਨੇਪਰਾਂ ਵਿਖੇ ਐਸ.ਡੀ.ਐਮ. ਸ. ਖੁਸ਼ਦਿਲ ਸਿੰਘ ਅਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਸੁਤੰਤਰਤਾ ਸੰਗਰਾਮੀਆਂ ਸ. ਮਹਿੰਦਰ ਸਿੰਘ ਦਾ ਸਨਮਾਨ ਕੀਤਾ। ਇਸੇ ਤਰ੍ਹਾਂ ਘਨੌਰ ਦੇ ਪਿੰਡ ਸ਼ਾਹਪੁਰ ਅਰਾਈਆਂ ਵਿਖੇ ਪੁੱਜ ਕੇ ਐਸ.ਡੀ.ਐਮ. ਸ. ਖੁਸ਼ਦਿਲ ਸਿੰਘ ਅਤੇ ਨਾਇਬ ਤਹਿਸੀਲਦਾਰ ਸ੍ਰੀ ਗੌਰਵ ਬਾਂਸਲ ਨੇ ਆਜ਼ਾਦੀ ਘੁਲਾਟੀਏ ਸ. ਚਰਨ ਸਿੰਘ ਦਾ ਸਨਮਾਨ ਕੀਤਾ।
ਐਸ.ਡੀ.ਐਮ ਨੇ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ, ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਯੋਗਦਾਨ ਪਾਉਣ ਵਾਲ ਸੁਤੰਤਰਤਾ ਸੰਗਰਾਮੀਆਂ ਦੀ ਸੇਵਾ 'ਚ ਸਦਾ ਹਾਜ਼ਰ ਹੈ। ਇਸ ਮੌਕੇ ਸ. ਮਹਿੰਦਰ ਸਿੰਘ ਅਤੇ ਸ. ਚਰਨ ਸਿੰਘ ਨੇ ਕਿਹਾ ਕਿ ਉਹ ਇਸ ਗੱਲੋਂ ਖੁਸ਼ ਹਨ ਕਿ ਸਰਕਾਰ ਦੇਸ਼ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਰੱਖਦੀ ਹੈ।
ਇਸ ਮੌਕੇ ਐਸ.ਡੀ.ਐਮ. ਸ੍ਰੀ ਖੁਸ਼ਦਿਲ ਸਿੰਘ ਨੇ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਕਰਕੇ ਆਜ਼ਾਦੀ ਦਿਹਾੜੇ ਦਾ ਸੰਖੇਪ ਸਮਾਗਮ ਕੀਤਾ ਜਾਣਾ ਹੈ, ਇਸ ਲਈ ਭਾਰਤ ਛੱਡੋ ਅੰਦੋਲਨ ਦੀ ਵਰ੍ਹੇ ਗੰਢ੍ਹ ਮੌਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਉਨ੍ਹਾਂ ਦੇ ਘਰ ਜਾਕੇ ਕੀਤਾ ਗਿਆ ਹੈ।
ਖੁਸ਼ਦਿਲ ਸਿੰਘ ਨੇ ਕਿਹਾ ਕਿ 9 ਅਗਸਤ 1942 ਨੂੰ ਦੇਸ਼ ਲਈ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਲਈ ਅਰੰਭੇ ਭਾਰਤ ਛੱਡੋ ਅੰਦੋਲਨ ਦੀ ਚਿੰਗਾੜੀ ਪੂਰੇ ਦੇੇਸ਼ ਵਿੱਚ ਫੈਲੀ ਅਤੇ ਇਸ ਇਤਿਹਾਸਕ ਅੰਦੋਲਨ ਨੇ ਅੰਗਰੇਜੀ ਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਕਰਕੇ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।