ਐਸ.ਏ.ਐਸ. ਨਗਰ, 05 ਅਗਸਤ 2020: ਪੰਜਾਬ ਸਰਕਾਰ ਦੇ ਘਰ - ਘਰ ਰੋਜ਼ਗਾਰ ਮਿਸ਼ਨ ਅਧੀਨ ਸਤੰਬਰ ਮਹੀਨੇ ਵਿੱਚ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ । ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਗੁਪਤਾ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰ , ਐਸ.ਏ.ਐਸ ਨਗਰ ਦੇ ਅਧਿਕਾਰੀਆਂ ( ਜ਼ਿਲ੍ਹਾ ਰੋਜ਼ਗਾਰ ਅਫਸਰ , ਡਿਪਟੀ ਸੀ.ਈ.ਓ , ਪਲੇਸਮੈਂਟ ਅਫਸਰ ਅਤੇ ਕੈਰੀਅਰ ਕਾਊਂਸਲਰ ) ਨਾਲ ਮੀਟਿੰਗ ਕੀਤੀ ਗਈ ।
ਏ.ਡੀ.ਸੀ ਰਾਜੀਵ ਗੁਪਤਾ ਜੀ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਲਈ ਐਸ.ਏ.ਐਸ ਨਗਰ ਨੂੰ ਮਿਤੀ 18/08/2020 ਤੱਕ ਲਗਭਗ 4500 ਪ੍ਰਾਇਵੇਟ ਆਸਾਮੀਆਂ ਇੱਕਠਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ 24 ਸਤੰਬਰ ਤੋਂ 30 ਸਤੰਬਰ ਤੱਕ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ । ਇਨ੍ਹਾਂ ਆਸਾਮੀਆਂ ਦੀ ਜਾਣਕਾਰੀ ਰੋਜ਼ਗਾਰ ਵਿਭਾਗ ਦੀ ਵੈਬਸਾਇਟ www.pgrkam.com 'ਤੇ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਨੌਜਵਾਨ ਮਿਤੀ 28/08/2020 ਤੋਂ 15/09/2020 ਤੱਕ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਾਣਯੋਗ ਵਧੀਕ ਕਮਿਸ਼ਨਰ ਜੀ ਨੇ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੋਵਿਡ -19 ਦੀਆਂ ਗਾਇਡਲਾਇਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤਾ ਜਾਵੇਗਾ । ਇਸ ਤੋਂ ਇਲਾਵਾ ਇਨ੍ਹਾਂ ਮੇਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਨਲਾਇਨ ਇੰਟਰਵਿਊ ਵੀ ਕਰਵਾਈਆਂ ਜਾਣਗੀਆਂ ਤਾਂ ਜੋ ਜਿਹੜੀਆਂ ਕੰਪਨੀਆਂ ਆਨ - ਲਾਇਨ ਇੰਟਰਵਿਊ ਕਰਨੀਆਂ ਚਾਹੁੰਦੀਆਂ ਹਨ ਉਨ੍ਹਾਂ ਨੂੰ ਵੀ ਪੂਰਾ ਸਹਿਯੋਗ ਦਿੱਤਾ ਜਾ ਸਕੇ ।
ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਨੇ ਰੋਜ਼ਗਾਰ ਬਿਓਰੋ ਦੇ ਅਧਿਕਾਰੀਆਂ ਤੋਂ ਮੇਲਿਆਂ ਦੀ ਤਿਆਰੀ ਦਾ ਜ਼ਾਇਜ਼ਾ ਲਿਆ ਅਤੇ ਰੋਜ਼ਗਾਰ ਮੇਲਿਆਂ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਤਾਂ ਜੋ ਰੋਜ਼ਗਾਰ ਮੇਲਿਆਂ ਦੇ ਟੀਚੇ ਸਮੇਂ ਸਿਰ ਪੂਰੇ ਕੀਤੇ ਜਾ ਸਕਣ ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਐਸ.ਏ.ਐਸ ਨਗਰ ਦੇ ਡਿਪਟੀ ਸੀ.ਈ.ਓ ਸ਼੍ਰੀ ਮਨਜੇਸ਼ ਸ਼ਰਮਾ ਜੀ ਨੇ ਦੱਸਿਆ ਕਿ ਐਸ.ਏ.ਐਸ ਨਗਰ ਜ਼ਿਲ੍ਹੇ ਨੂੰ 4500 ਆਸਾਮੀਆਂ ਇੱਕਠਾ ਕਰਨ ਅਤੇ ਲਗਭਗ 3000 ਪਲੇਸਮੈਂਟ ਦਾ ਟੀਚਾ ਦਿੱਤਾ ਗਿਆ ਹੈ । ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਪੂਰੀ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਸਮੇਂ ਸਮੇਂ ਸਿਰ ਵੱਖ ਵੱਖ ਮਾਧਿਅਮਾਂ ਰਾਹੀਂ ਨੌਜਵਾਨਾਂ ਨੂੰ ਮੁਹੱਈਆ ਕਰਵਾਈ ਜਾਵੇਗੀ ।
ਇਸ ਮੀਟਿੰਗ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਹਰਪ੍ਰੀਤ ਬਰਾੜ ਨੇ ਸ੍ਰੀ ਰਾਜੀਵ ਗੁਪਤਾ ਨੂੰ ਐਸ.ਏ.ਐਸ ਨਗਰ ਦੇ ਏ.ਡੀ.ਸੀ ਦੇ ਅਹੱਦੇ ਤੇ ਨਿਯੁਕਤੀ ਲਈ ਸਨਮਾਨਿਤ ਕੀਤਾ ।