ਅਸ਼ੋਕ ਵਰਮਾ
ਬਠਿੰਡਾ,1 ਫਰਵਰੀ 2021: ਭਾਰਤੀ ਜੰਤਾ ਪਾਰਟੀ ਦੀ ਵਾਰਡ ਨੰਬਰ 27 ਤੋਂ ਉਮੀਦਵਾਰ ਸਰੀਨਾ ਗੋਇਲ ਵੱਲੋਂ ਲਾਏ ਪ੍ਰਚਾਰ ਬੋਰਡ ਤੇ ਉਸ ਦੀ ਅਤੇ ਉਹਨਾਂ ਦੇ ਪਤੀ ਦੀ ਤਸਵੀਰ ਤੇ ਚਿਹਰਿਆਂ ਉੱਪਰ ਕਾਲਖ ਫੇਰਨ ਤੋਂ ਭੜਕੀ ਭਾਜਪਾ ਨੇ ਅੱਜ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਹੈ। ਅੱਜ ਪਾਰਟੀ ਆਗੂਆਂ ਜਿਲਾ ਪ੍ਰਧਾਨ ਵਿਨੋਦ ਬਿੰਟਾ,ਸੁਖਪਾਲ ਸਰਾਂ,ਮੋਹਿਤ ਗੁਪਤਾ ਅਤੇ ਉਮੇਸ਼ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਕਾਂਗਰਸ ਪਾਰਟੀ ਨੇ ਕਿਸਾਨਾਂ ਦੀ ਆੜ ਲੈ ਕੇ ਭਾਜਪਾ ਦੇ ਉਮੀਦਵਾਰਾਂ ਨੂੰ ਡਰਾਉਣ ਦੇ ਮੰਤਵ ਨਾਲ ਪਾਰਟੀ ਦੇ ਔਰਤ ਉਮੀਦਵਾਰਾਂ ਦੇ ਬੈਨਰਾਂ ਤੇ ਕਾਲਖ ਫਿਰਵਾਈ ਹੈ। ਉਹਨਾਂ ਆਖਿਆ ਕਿ ਇਸ ਤੋਂ ਵੀ ਸ਼ਰਮਨਾਕ ਗੱਲ ਹੈ ਕਿ ਸਵੇਰੇ ਸੱਤ ਵਜੇ ਤੋਂ ਪਹਿਲਾਂ ਹੀ ਪੁਲੀਸ ਭੇਜ ਕੇ ਬੈਨਰ ਉਤਰਵਾ ਦਿੱਤੇ ਜੋਕਿ ਸ਼ਰੇਆਮ ਲੋਕਤੰਤਰ ਦੀ ਹੱਤਿਆ ਹੈ। ਉਹਨਾਂ ਆਖਿਆ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਡਰ ਦਾ ਮਹੌਲ ਸਿਰਜਕੇ ਭਾਜਪਾ ਦੇ ਉਮੀਦਵਾਰਾਂ ਨੂੰ ਚੋਣ ਨਾ ਲੜਨ ਤੋਂ ਰੋਕਿਆ ਜਾ ਸਕੇ।
ਆਗੂਆਂ ਨੇ ਆਖਿਆ ਕਿ ਸਾਢੇ ਚਾਰ ਸਾਲ ਦਾ ਰਾਜ ਭਾਗ ਲੰਘਣ ਦੇ ਬਾਵਜੂਦ ਕਾਂਗਰਸ ਸਰਕਾਰ ਨਸ਼ੇ ਰੋਕਣ ਅਤੇ ਵਿਕਾਸ ਕਰਨ ’ਚ ਅਸਫਲ ਰਹੀ ਹੈ ਜਿਸ ਕਰਕੇ ਅਜਿਹੀਆਂ ਸਾਜ਼ਿਸ਼ਾਂ ਨਾਲ ਨਗਰ ਨਿਗਮ ਤੇ ਕਾਬਜ਼ ਹੋਣ ਦਾ ਸੁਪਨਾ ਦੇਖਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਕਾਂਗਰਸ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ ਅਤੇ ਭਾਜਪਾ ਦੀਆਂ ਔਰਤ ਉਮੀਦਵਾਰਾਂ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਕਾਂਗਰਸ ’ਚ ਔਰਤਾਂ ਦੇ ਸਨਮਾਨ ਲਈ ਕੋਈ ਥਾਂ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜਿਸ ਇਲਾਕੇ ’ਚ ਬੈਨਰ ਨਾਲ ਛੇੜਛਾੜ ਕੀਤੀ ਗਈ ਹੈ ਉਸ ਦੇ ਬਿਲਕੁਲ ਸਾਹਮਣੇ ਪੁਲਿਸ ਚੌਕੀ ਹੈ ਜਿੱਥੇ ਹਰ ਵੇਲੇ ਪੁਲਿਸ ਕਰਮੀ ਤਾਇਨਾਤ ਰਹਿੰਦੇ ਹਨ। ਉਹਨਾਂ ਆਖਿਆ ਕਿ ਪੁਲਿਸ ਨੇ ਘਟਨਾਂ ਵਾਲੀ ਥਾਂ ਦੇ ਲਾਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਨਹੀਂ ਕੀਤੀ ਬਲਕਿ ਮਿੰਟੋ ਮਿੰਟੀ ਬੈਨਰ ਲਾਹ ਦਿੱਤੇ ਜਿਸ ਨਾਲ ਪੁਲਿਸ ਪ੍ਰਸ਼ਾਸ਼ਨ ਦੀ ਕਾਰਜ ਪ੍ਰਣਾਲੀ ਸ਼ੱਕ ਦੇ ਘੇਰੇ ’ਚ ਆ ਗਈ ਹੈ।
ਆਗੂਆਂ ਨੇ ਚੋਣ ਕਮਿਸ਼ਨ ਤੋਂ ਬਠਿੰਡਾ ਦੇ ਅਧਿਕਾਰੀਆਂ ਨੂੰ ਤਬਦੀਲ ਕਰਨ ਅਤੇ ਨਿਰੱਪਖ ਚੋਣਾਂ ਕਰਵਾਉਣ ਲਈ ਕੇਂਦਰੀ ਸੁਰੱਖਿਆ ਬਲ ਤਾਇਨਾਤ ਕਰਨ ਦੀ ਮੰਗ ਵੀ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਕਿਹਾ ਕਿ ਅਜਿਹੀ ਹਰਕਤ ਨਾਲ ਪਾਰਟੀ ਦੇ ਵਰਕਰ ਨਹੀਂ ਡਰਨਗੇ ਅਤੇ ਸਾਰੇ ਵਾਰਡਾਂ ’ਚ ਡੱਟ ਕੇ ਚੋਣ ਲੜੀ ਜਾਏਗੀ। ਉਹਨਾਂ ਆਖਿਆ ਕਿ ਕਾਂਗਰਸ ਦੀਆਂ ਇਹਨਾਂ ਗੈਰਲੋਕਤੰਤਰੀ ਕਾਰਵਾਈਆਂ ਦੇ ਬਾਵਜੂਦ ਪਾਰਟੀ ਵਰਕਰਾਂ ਦੇ ਹੌਂਸਲੇ ਬੁਲੰਦ ਹਨ। ਉਹਨਾਂ ਕਿਹਾ ਕਿ ਮਾਮਲੇ ਦੀ ਸ਼ਕਾਇਤ ਅਧਿਕਾਰੀਆਂ ਨੂੰ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਮੌਕੇ ਸੁਨੀਲ ਸਿੰਗਲਾ,ਜਿਲ੍ਹਾ ਜਨਰਲ ਸਕੱਤਰ ਉਮੇਸ਼ ਸ਼ਰਮਾ, ਮੀਤ ਪ੍ਰਧਾਨ ਅਸ਼ੋਕ ਬਾਲਿਆਂ ਵਾਲੀ,ਮੰਡਲ ਪ੍ਰਧਾਨ ਨਰੇਸ਼ ਮਹਿਤਾ,ਯੁਵਾ ਮੋਰਚਾ ਦੇ ਸੂਬਾ ਸਕੱਤਰ ਆਸ਼ੂਤੋਸ਼ ਤਿਵਾੜੀ, ਜਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਅਤੇ ਮਹਿੰਦਰ ਕੌਰ ਆਦਿ ਹਾਜਰ ਸਨ ।
ਭਾਜਪਾ ਦੇ ਦੋਸ਼ ਬੇਬੁਨਿਆਦ:ਅਰੁਣ ਵਧਾਵਨ
ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਰੁਣ ਵਧਾਵਨ ਨੇ ਬੀਜੇਪੀ ਵੱਲੋਂ ਲਾਏ ਦੋਸ਼ਾਂ ਨੂੰ ਪੂਰੀ ਤਰਾਂ ਖਾਰਜ ਕਰਦਿਆਂ ਕਿਹਾ ਕਿ ਕਾਂਗਰਸ ਅਜਿਹੀ ਰਾਜਨੀਤੀ ’ਚ ਵਿਸ਼ਵਾਸ਼ ਨਹੀਂ ਰੱਖਦੀ ਹੈ। ਉਹਨਾਂ ਆਖਿਆ ਕਿ ਪਾਰਟੀ ਔਰਤਾਂ ਦਾ ਦਿਲੋਂ ਸਨਮਾਨ ਕਰਦੀ ਹੈ ਅਤੇ ਉਹ ਇਸ ਘਟਨਾਂ ਦੀ ਨਿਖੇਧੀ ਕਰਦੇ ਹਨ। ਉਹਨਾਂ ਆਖਿਆ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਅਜਿਹੀ ਘਟੀਆ ਹਰਕਤ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਆਖਿਆ ਕਿ ਉਹਨਾਂ ਨੂੰ ਨਹੀਂ ਪਤਾ ਕਿ ਬੀਜੇਪੀ ਵਾਲੇ ਅਜਿਹੇ ਦੋਸ਼ ਕਿਉਂ ਲਾ ਰਹੇ ਹਨ।