- ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਜਲੰਧਰ, 5 ਫਰਵਰੀ 2021 - ਜਲੰਧਰ ਵਿਖੇ ਛੇ ਨਗਰ ਕੌਂਸਲਾਂ ਅਤੇ ਦੋ ਨਗਰ ਪੰਚਾਇਤ ਦੀਆਂ ਚੋਣਾਂ ਲਈ ਚੋਣ ਨਿਗਰਾਨ ਐਨਪੀਐਸ ਰੰਧਾਵਾ ਤੇ ਪ੍ਰਨੀਤ ਸ਼ੇਰਗਿੱਲ ਅਤੇ ਪੁਲਿਸ ਨਿਗਰਾਨ ਐਸ ਕੇ ਕਾਲੀਆ ਨੇ ਅੱਜ ਰਿਟਰਨਿੰਗ ਅਫ਼ਸਰਾਂ (ਆਰਓਜ਼) ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਾਲ ਆਰਓਜ਼ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੋਣ ਨਿਗਰਾਨਾਂ ਅਤੇ ਪੁਲਿਸ ਨਿਗਰਾਨ ਨੇ ਕਿਹਾ ਕਿ ਆਰਓਜ਼ ਚੋਣਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜਿਨ੍ਹਾਂ ਦੇ ਮੋਢਿਆਂ 'ਤੇ ਸੁਚੱਜੇ ਢੰਗ ਨਾਲ ਚੋਣਾਂ ਕਰਵਾਉਣ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ।
ਨਿਗਰਾਨਾਂ ਨੇ ਕਿਹਾ ਕਿ ਪੋਲਿੰਗ ਸਟਾਫ ਦੀ ਸਿਖਲਾਈ ਤੋਂ ਲੈ ਕੇ ਪੋਲਿੰਗ ਦੇ ਦਿਨ ਨੂੰ ਅੰਤਿਮ ਰੂਪ ਦੇਣ ਦੇ ਪ੍ਰਬੰਧ ਤੱਕ ਸਾਰਾ ਕੰਮ ਪੁਖ਼ਤਾ ਅਤੇ ਯੋਜਨਾਬੱਧ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਜਨਰਲ ਨਿਗਰਾਨ ਅਤੇ ਪੁਲਿਸ ਨਿਗਰਾਨ ਨੇ ਅੱਗੇ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ ਲਾਗੂ ਕੀਤਾ ਜਾਣਾ ਲਾਜ਼ਮੀ ਹੈ ਕਿਉਂਕਿ ਇਹ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦਾ ਆਧਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਰਓਜ਼ ਸਮੁੱਚੀਆਂ 65 ਥਾਵਾਂ ਦਾ ਦੌਰਾ ਕਰਨਾ ਯਕੀਨੀ ਬਣਾਉਣ, ਜਿਥੇ ਇਨ੍ਹਾਂ ਚੋਣਾਂ ਲਈ 126 ਪੋਲਿੰਗ ਸਟੇਸ਼ਨਾਂ ਦੀ ਸਥਾਪਨਾ ਕੀਤੀ ਗਈ ਹੈ ।
ਉਨ੍ਹਾਂ ਕਿਹਾ ਕਿ 60 ਸੰਵੇਦਨਸ਼ੀਲ ਅਤੇ ਤਿੰਨ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਲੋੜੀਂਦੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ।
ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨਿਗਰਾਨਾਂ ਨੂੰ ਭਰੋਸਾ ਦਿਵਾਇਆ ਕਿ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਉਣਾ ਪ੍ਰਸ਼ਾਸਨ ਦਾ ਫਰਜ਼ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪ੍ਰਭਾਵਸ਼ਾਲੀ ਮਸ਼ੀਨਰੀ ਤਿਆਰ ਕੀਤੀ ਗਈ ਹੈ, ਜੋ ਕਿ ਪਹਿਲਾਂ ਹੀ ਇਸ ਲੋਕਤੰਤਰੀ ਪ੍ਰੀਕਿਰਿਆ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਆਰਓਜ਼ ਅਤੇ ਉਨ੍ਹਾਂ ਦੇ ਪੁਲਿਸ ਸਾਥੀਆਂ ਨੂੰ ਆਪਣੇ ਯਤਨਾਂ ਦੇ ਬਿਹਤਰ ਤਾਲਮੇਲ ਲਈ ਲਗਾਤਾਰ ਮੀਟਿੰਗਾਂ ਕਰਨ ਲਈ ਕਿਹਾ।
ਇਸ ਮੌਕੇ ਮੁੱਖ ਤੌਰ 'ਤੇ ਐਸਡੀਐਮ ਰਾਹੁਲ ਸਿੰਧੂ, ਗੌਤਮ ਜੈਨ, ਸੰਜੀਵ ਕੁਮਾਰ ਸ਼ਰਮਾ, ਵਿਨੀਤ ਕੁਮਾਰ ਤੇ ਡਾ. ਜੈ ਇੰਦਰ ਸਿੰਘ, ਪੁੱਡਾ ਦੇ ਈਓ ਨਵਨੀਤ ਕੌਰ ਬੱਲ, ਐਸ ਪੀ ਰਵੀ ਕੁਮਾਰ ਅਤੇ ਹੋਰ ਮੌਜੂਦ ਸਨ।