ਮਨਿੰਦਰਜੀਤ ਸਿੱਧੂ
ਜੈਤੋ, 5 ਫਰਵਰੀ, 2021 - ਦੋ ਵਾਰ ਪਹਿਲਾਂ ਵੀ ਕਿਸਮਤ ਅਜਮਾ ਚੁੱਕੇ ਪਰ ਸਫਲਤਾ ਨਾ ਹਾਸਲ ਕਰਨ ਵਾਲੇ ਬਾਗੀ ਸ਼ਰਮਾ ਇਸ ਵਾਰ 10 ਨੰਬਰ ਵਾਰਡ ਤੋਂ ਅਜਾਦ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ਵਿੱਚ ਡਟੇ ਹਨ।ਦਿਲਬਾਗ ਸ਼ਰਮਾ ਉਰਫ ਬਾਗੀ ਸ਼ਰਮਾ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਲਗਾਏ ਗਏ ਪੋਸਟਰਾਂ ਵਿੱਚੋਂ ਇੱਕ ਪੋਸਟਰ ਉੱਪਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਾਣਬੁੱਝ ਕੇ ਫੋਟੋ ਉੱਪਰ ਕਾਂਗਰਸ ਪਾਰਟੀ ਦਾ ਸਟਿੱਕਰ ਚਿਪਕਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਘਟਨਾ ਤੋਂ ਬਾਅਦ ਸਾਰੇ ਹੀ ਮੁਹੱਲਾ ਵਾਸੀਆਂ, ਵਾਰਡ ਵਾਸੀਆਂ ਅਤੇ ਇੱਥੋਂ ਤੱਕ ਕਿ ਪੂਰੇ ਸ਼ਹਿਰ ਵਾਸੀਆਂ ਨੇ ਇਸ ਗੱਲ ਦਾ ਬੁਰਾ ਮਨਾਇਆ ਅਤੇ ਇਸ ਘਟਨਾ ਨੂੰ ਮੰਦਭਾਗੀ ਘਟਨਾ ਦੱਸਿਆ ਹੈ।
ਇਸ ਸੰਬੰਧੀ ਸਾਡੇ ਨਾਲ ਗੱਲਬਾਤ ਕਰਦਿਆਂ ਬਾਗੀ ਸ਼ਰਮਾ ਨੇ ਕਿਹਾ ਕਿ ਜਿਸਨੇ ਵੀ ਇਹ ਕੋਝੀ ਹਰਕਤ ਕੀਤੀ ਹੈ, ਇਹ ਉਸਦੀ ਸੋਚ ਨੂੰ ਦਰਸਾਉਂਦੀ ਹੈ।ਉਹਨਾਂ ਕਿਹਾ ਕਿ ਮੇਰੇ ਖਿਲਾਫ ਚੋਣ ਦੰਗਲ ਵਿੱਚ ਉੱਤਰੇ ਦੋਵੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੇਰੇ ਨਾਲੋਂ ਪੈਸੇ ਅਤੇ ਪਾਵਰ ਵਿੱਚ ਕਈ ਗੁਣਾ ਉੱਪਰ ਹਨ, ਪਰ ਸਮਝ ਨਹੀਂ ਆ ਰਹੀ ਹੈ ਕਿ ਉਹਨਾਂ ਨੂੰ ਕਿਸ ਗੱਲ ਬੁਖਲਾਹਟ ਹੈ। ਉਹਨਾਂ ਆਪਣੇ ਮੁਹੱਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਬਿਲਕੁਲ ਸ਼ਾਂਤ ਤਰੀਕੇ ਨਾਲ ਇਹ ਚੋਣ ਲੜਨਾ ਹੈ ਅਤੇ ਸਾਡੀ ਸ਼ਾਂਤੀ ਅਤੇ ਏਕਾ ਹੀ ਵਿਰੋਧੀਆਂ ਦੀਆਂ ਕੋਝੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਹੋਵੇਗਾ।ਉਹਨਾਂ ਕਿਹਾ ਕਿ ਚੋਣ ਵਿੱਚ ਕਿਸੇ ਇੱਕ ਨੇ ਜਿੱਤਣਾ ਹੁੰਦਾ ਹੈ ਅਤੇ ਬਾਕੀਆਂ ਨੇ ਹਾਰਨਾ।ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਵਿਰੋਧੀ ਇਖਲਾਕੀ ਤੌਰ ਤੇ ਪਹਿਲਾਂ ਹੀ ਹਾਰ ਰਹੇ ਹਨ।
ਚੰਡੀਗੜ੍ਹ, 5 ਫਰਵਰੀ 2021 - ਮਹਿਲਾ ਮੁਖੀ ਪਰਿਵਾਰਾਂ ਦੇ ਸ਼ਕਤੀਕਰਨ ਲਈ ਜ਼ਮੀਨੀ ਪੱਧਰ ’ਤੇ ਮਾਤਾ ਤਿ੍ਰਪਤਾ ਮਹਿਲਾ ਯੋਜਨਾ ਦੇ ਲਾਗੂਕਰਨ ਲਈ, ਪੰਜਾਬ ਸਰਕਾਰ ਨੇ ਸੂਬੇ ਤੋਂ ਜ਼ਿਲੇ ਤੱਕ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ।
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਯੋਜਨਾ ਦੇ ਨਿਰਵਿਘਨ ਲਾਗੂਕਰਨ ਲਈ ਸੂਬਾ ਪੱਧਰੀ ਸੰਚਾਲਨ ਕਮੇਟੀ (ਐਸਐਲਐਸਸੀ), ਯੋਜਨਾਬੰਦੀ ਅਤੇ ਨਿਗਰਾਨ ਕਮੇਟੀ (ਪੀਐਮਸੀ) ਅਤੇ ਜ਼ਿਲਾ ਪੱਧਰੀ ਸੰਚਾਲਨ ਕਮੇਟੀ (ਡੀਐਲਐਸਸੀ) ਗਠਿਤ ਕੀਤੀ ਹੈ।
ਉਨਾਂ ਕਿਹਾ ਕਿ ਐਸਐਲਐਸਸੀ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਕੰਮ ਕਰੇਗੀ, ਜਦੋਂ ਕਿ ਵਿੱਤ ਕਮਿਸ਼ਨਰ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਵਿੱਤ, ਸਮਾਜਿਕ ਨਿਆਂ ਸ਼ਕਤੀਕਰਨ ਅਤੇ ਘੱਟ ਗਿਣਤੀਆਂ, ਯੋਜਨਾਬੰਦੀ, ਸਥਾਨਕ ਸਰਕਾਰਾਂ, ਸਿਹਤ ਤੇ ਪਰਿਵਾਰ ਭਲਾਈ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਪ੍ਰਮੁੱਖ ਸਕੱਤਰ ਇਸ ਦੇ ਮੈਂਬਰ ਹੋਣਗੇ ਅਤੇ ਪ੍ਰਮੁੱਖ ਸਕੱਤਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਐਸਐਲਐਸਸੀ ਦੇ ਮੈਂਬਰ ਸਕੱਤਰ ਵਜੋਂ ਕੰਮ ਕਰਨਗੇ।
ਇਸੇ ਤਰਾਂ ਯੋਜਨਾਬੰਦੀ ਅਤੇ ਨਿਗਰਾਨ ਕਮੇਟੀ ਦੇ ਚੇਅਰਪਰਸਨ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਦੇ ਪ੍ਰਮੁੱਖ ਸਕੱਤਰ ਹੋਣਗੇ। ਉਨਾਂ ਦੱਸਿਆ ਕਿ ਪੀਐਮਸੀ ਦੇ 10 ਮੈਂਬਰ ਹੋਣਗੇ, ਜਿਸ ਵਿੱਚ ਵਿੱਤ, ਯੋਜਨਾਬੰਦੀ, ਸਮਾਜਿਕ ਨਿਆਂ ਸ਼ਕਤੀਕਰਨ ਅਤੇ ਘੱਟ ਗਿਣਤੀਆਂ, ਕਿਰਤ, ਸਥਾਨਕ ਸਰਕਾਰਾਂ, ਸਿਹਤ ਅਤੇ ਪਰਿਵਾਰ ਭਲਾਈ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ (ਜਾਂ ਉਨਾਂ ਦੇ ਪ੍ਰਤੀਨਿਧੀ ਵਿਸ਼ੇਸ਼ ਸਕੱਤਰ ਦੇ ਅਹੁਦੇ ਤੋਂ ਹੇਠਾਂ ਨਹੀਂ) ਸ਼ਾਮਲ ਹੋਣਗੇ। ਕਮੇਟੀ ਵਿੱਚ ਵਿੱਤ ਕਮਿਸ਼ਨਰ, ਪੇਂਡੂ ਵਿਕਾਸ ਅਤੇ ਪੰਚਾਇਤਾਂ ਜਾਂ ਉਨਾਂ ਦੇ ਪ੍ਰਤੀਨਿਧੀ ਜੋ ਵਿਸ਼ੇਸ਼ ਸਕੱਤਰ ਦੇ ਅਹੁਦੇ ਤੋਂ ਹੇਠਾਂ ਨਹੀਂ ਹਨ, ਵੀ ਸ਼ਾਮਲ ਹੋਣਗੇ। ਇਸੇ ਤਰਾਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਦੇ ਡਾਇਰੈਕਟਰ ਮੈਂਬਰ ਸਕੱਤਰ ਵਜੋਂ ਕੰਮ ਕਰਨਗੇ।
ਬੁਲਾਰੇ ਨੇ ਦੱਸਿਆ ਕਿ ਹਰੇਕ ਜ਼ਿਲੇ ਵਿੱਚ ਜ਼ਿਲਾ ਪੱਧਰੀ ਸੰਚਾਲਨ ਕਮੇਟੀ (ਡੀਐਲਐੱਸਸੀ) ਦਾ ਗਠਨ ਹੋਵੇਗਾ, ਜਿਸ ਵਿੱਚ ਸਬੰਧਤ ਡਿਪਟੀ ਕਮਿਸ਼ਨਰ ਚੇਅਰਪਰਸਨ ਵਜੋਂ ਕੰਮ ਕਰਨਗੇ, ਜਦੋਂ ਕਿ ਵਧੀਕ ਡਿਪਟੀ ਕਮਿਸ਼ਨਰ (ਡੀ), ਕਮਿਸ਼ਨਰ ਕਾਰਪੋਰੇਸ਼ਨ, ਸਿਵਲ ਸਰਜਨ, ਜ਼ਿਲਾ ਸਿੱਖਿਆ ਅਧਿਕਾਰੀ, ਜ਼ਿਲਾ ਵਿਕਾਸ ਅਤੇ ਪੰਚਾਇਤ ਅਧਿਕਾਰੀ, ਮੁੱਖ ਖੇਤੀਬਾੜੀ ਅਧਿਕਾਰੀ, ਜ਼ਿਲਾ ਸਮਾਜਿਕ ਨਿਆਂ ਤੇ ਸ਼ਕਤੀਕਰਨ ਅਧਿਕਾਰੀ, ਸਿਵਲ ਸੁਸਾਇਟੀ ਸੰਸਥਾਵਾਂ/ਐਨ.ਜੀ.ਓਜ਼. ਦੇ ਦੋ ਨੁਮਾਇੰਦੇ ਮੈਂਬਰ ਵਜੋਂ ਕੰਮ ਕਰਨਗੇ। ਇਸ ਦੇ ਨਾਲ ਹੀ ਜ਼ਿਲਾ ਪ੍ਰੋਗਰਾਮ ਅਧਿਕਾਰੀ ਡੀਐਲਐਸਸੀ ਦੇ ਮੈਂਬਰ ਕਨਵੀਨਰ ਵਜੋਂ ਕੰਮ ਕਰਨਗੇ।
ਉਨਾਂ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।