ਅਸ਼ੋਕ ਵਰਮਾ
- ਮਲੂਕਾ ਵੱਲੋਂ ਮਾਮਲਾ ਹਾਈਕੋਰਟ ਲਿਜਾਣ ਦੀ ਚਿਤਾਵਨੀ
ਬਠਿੰਡਾ, 5 ਫਰਵਰੀ 2021 - ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਹਲਕੇ ’ਚ ਵੱਖ ਵੱਖ ਥਾਵਾਂ ਤੇ ਨਾਮਜਦਗੀ ਕਾਗਜ਼ ਰੱਦ ਕਰਨ ਦਾ ਰੱਫੜ ਪੈ ਗਿਆ ਹੈ। ਅਕਾਲੀ ਦਲ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਇਸ ਸਬੰਧ ’ਚ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਅਤੇ ਮਸਲੇ ਦਾ ਹੱਲ ਕਰਨ ਦੀ ਮੰਗ ਕੀਤਾ ਹੈ। ਮਲੂਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਕਾਲੀ ਦਲ ਦੇ ਉਮੀਦਵਾਰਾਂ ਦੇ ਨਾਮਜਦਗੀ ਪਰਚਿਆਂ ਨੂੰ ਲੈਕੇ ਬਣਦੀ ਕਾਰਵਾਈ ਨਾਂ ਕੀਤੀ ਤਾਂ ਉਹ ਇਨਸਾਫ ਲਈ ਹਾਈਕੋਰਟ ਦਾ ਰੁੱਖ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਹਲਕਾ ਰਾਮਪੁਰਾ ਫੂਲ ਵਿਚ ਅਕਾਲੀ ਦਲ ਦੇ ਮਲੂਕਾ ਤੋਂ 7, ਭਗਤਾ ਭਾਈ ਤੋਂ 2, ਕੋਠਾ ਗੁਰੂ ਤੋਂ 4, ਮਹਿਰਾਜ ਤੋਂ 5 ਅਤੇ ਭਾਈਰੂਪਾ ਤੋਂ 4 ਉਮੀਦਵਾਰਾਂ ਤੋਂ ਇਲਾਵਾ ਕਈ ਆਜਾਦ ਉਮੀਦਵਾਰਾਂ ਦੀਆਂ ਨਾਮਜਦਗੀਆਂ ਹਾਸੋ ਹੀਣੇ ਤੇ ਬੇਤੁਕੇ ਇਤਰਾਜ ਲਗਾ ਕੇ ਰੱਦ ਕੀਤੀਆਂ ਗਈਆਂ ਹਨ। ਉਹਨਾਂ ਪੰਜਾਬ ਦੇ ਇੱਕ ਮੰਤਰੀ ਤੇ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕਰਕੇ ਇਹ ਨਾਮਜਦਗੀਆਂ ਪਰਚੇੇ ਰੱਦ ਕਰਵਾਉਣ ਦੇ ਦੋਸ਼ ਵੀ ਲਾਏ ਹਨ।
ਅਕਾਲੀ ਦਲ ਨੇ ਅੱਜ ਇਸ ਬਾਰੇ ਬਕਾਇਦਾ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ। ਮਲੂਕਾ ਨੇ ਦੱਸਿਆ ਕਿ ਮਹਿਰਾਜ ਤੋਂ ਅਕਾਲੀ ਉਮੀਦਵਾਰ ਦੇ ਕਾਗਜ ਪਾਣੀ ਦਾ ਬਿੱਲ ਬਕਾਇਆ ਹੋਣ ਦਾ ਇਤਰਾਜ ਲਗਾ ਕੇ ਰੱਦ ਕੀਤੇ ਹਨ ਜਦੋਂ ਕਿ ਸਬੰਧਤ ਉਮੀਦਵਾਰ ਦੇ ਘਰ ਤੱਕ ਪਾਣੀ ਦੀ ਸਪਲਾਈ ਜਾਂਦੀ ਹੀ ਨਹੀ। ਇਸ ਤੋਂ ਇਲਾਵਾ ਇੱਕ ਉਮੀਦਵਾਰ ਦੇ ਕਾਗਜ ਰੱਦ ਕਰਨ ਨੂੰ ਲੈਕੇ ਘਰ ਦੇ ਬਾਹਰ ਨਜਾਇਜ ਥੜ੍ਹੇ ਦੀ ਉਸਾਰੀ ਦੇ ਇਤਰਾਜ ਲਗਾਏ ਹਨ ਜਦਕਿ ਇਸ ਉਮੀਦਵਾਰ ਦਾ ਘਰ ਖੇਤ ਵਿੱਚ ਆਪਣੀ ਨਿੱਜੀ ਜਮੀਨ ’ਚ ਹੈ। ਉਹਨਾਂ ਆਖਿਆ ਕਿ ਇਸ ਤੋਂ ਇਲਾਵਾ ਕਈ ਬੇਤੁਕੇ ਤੇ ਹਾਸੋ ਹੀਣੇ ਇਤਰਾਜ ਲਗਾ ਕੇ ਨਜਾਇਜ ਢੰਗ ਨਾਲ ਅਕਾਲੀ ਉਮੀਦਵਾਰਾਂ ਦੇ ਕਾਗਜਾਂ ਨੂੰ ਰੱਦ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਅਸਲ ’ਚ ਕਾਂਗਰਸ ਤੇ ਹਾਰ ਦੇ ਡਰੋ ਵਿਰੋਧੀਆਂ ਦੇ ਨਾਮਜਦਗੀ ਕਾਗਜ਼ ਰੱਦ ਕਰਵਾਉਣ ਅਤੇ ਨਾਮਜਦਗੀਆਂ ਦਾਖਲ ਕਰਨ ਤੋਂ ਰੋਕਣ ਦਾ ਰਾਹ ਫੜ੍ਹਿਆ ਹੈ।
ਮਲੂਕਾ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ’ਚ ਦਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕਰਦਿਆਂ ਜੰਮ ਕੇ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ। ਸਾਬਕਾ ਮੰੰਤਰੀ ਮਲੂਕਾ ਨੇ ਕਿਹਾ ਕਿ ਪੰਜਾਬ ਵਿੱਚ ਦਿਨੋ ਦਿਨ ਘੱਟ ਰਹੇ ਅਧਾਰ ਕਾਰਨ ਕਾਂਗਰਸ ਪਾਰਟੀ ਨਿਰਪੱਖ ਚੋਣਾਂ ਕਰਵਾਉਣ ਤੋਂ ਘਬਰਾਅ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਵਿਰੋਧੀਆਂ ਦੇ ਕਾਗਜ ਰੱਦ ਜਾਂ ਧੱਕੇਸ਼ਾਹੀ ਰਾਹੀ ਕਾਗਜ਼ ਭਰਨ ਤੋਂ ਰੋਕ ਕੇ ਚੋਣਾਂ ਕਰਵਾਉਣੀਆਂ ਹਨ ਤਾਂ ਅਜਿਹੇ ਚੋਣ ਅਮਲ ਦਾ ਡਰਾਮਾ ਕਰਨ ਦੀ ਥਾਂ ਸਰਕਾਰ ਨੂੰ ਆਪਣੀ ਪਾਰਟੀ ਨਾਲ ਸਬੰਧਤ ਉਮੀਦਵਾਰਾਂ ਨੂੰ ਸਿੱਧੇ ਨਾਮਜਦ ਕਰ ਲੈਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਮਾਲ ਮਹਿਕਮੇ ਨਾਲ ਸਬੰਧਤ ਹਲਕੇ ਵਿੱਚ ਕੁਝ ਅਧਿਕਾਰੀਆਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਪਿਛਲੇ ਤਿੰਨ ਚਾਰ ਸਾਲਾਂ ਤੋਂ ਵੱਖ ਵੱਖ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।
ਮਲੂਕਾ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਲਾਏ ਗਏ ਇਤਰਾਜਾਂ ਸਬੰਧੀ ਲਿਖਤੀ ਜਾਣਕਾਰੀ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਕੇ ਤੋਂ ਇਸ ਮਾਮਲੇ ਦੀ ਤੁਰੰਤ ਪੜਤਾਲ ਕਰਵਾਉਣ ਅਤੇ ਰੱਦ ਕੀਤੇ ਕਾਗਜਾਂ ਦੀ ਦੁਬਾਰਾ ਪੜਤਾਲ ਕਰਵਾ ਕੇ ਉਮੀਦਵਾਰਾਂ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਗਈ ਹੈ। ਮਲੂਕਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਗਈ ਤੲ ਉਹ ਨਿਆਂ ਖਾਤਰੀ ਹਾਈਕੋਰਟ ਦਾ ਬੂਹਾ ਖੜਕਾਉਣਗੇ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਕਾਂਗਰਸ ਵੱਲੋਂ ਲੋਕਤੰਤਰ ਦੇ ਕੀਤੇ ਜਾ ਰਹੇ ਕਥਿਤ ਘਾਣ ਨੂੰ ਰੋਕਣ ਲਈ ਧਰਨੇ ਮੁਜਹਾਰੇ ਕਰਨ ਦੀ ਰਣਨੀਤੀ ਘੜੀ ਜਾ ਰਹੀ ਹੈ। ਇਸ ਮੌਕੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਨਿਰਮਲ ਗਿੱਲ, ਨਿਰਮਲ ਸਿੰਘ ਮਲੂਕਾ, ਹਰਜੀਤ ਮਲੂਕਾ, ਗੁਰਤੇਜ ਸਿੰਘ, ਮੀਡੀਆ ਇੰਚਾਰਜ ਰਤਨ ਸ਼ਰਮਾ ਤੋਂ ਇਲਾਵਾ ਪਾਰਟੀ ਨਾਲ ਸਬੰਧਤ ਉਮੀਦਵਾਰ ਹਾਜਰ ਸਨ।