- ਜਨਰਲ ਅਬਜ਼ਵਰ ਅਤੇ ਪੁਲਿਸ ਅਬਜ਼ਰਵਰ ਨੇ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਚੋਣਾਂ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਲਿਆ ਜਾਇਜ਼ਾ
- ਚੋਣਾਂ ਦੌਰਾਨ ਕਾਨੂੰਨ ਵਿਵਸਥਾ ਯਕੀਨੀ ਬਣਾਈ ਜਾਵੇ : ਪੁਲਿਸ ਅਬਜ਼ਰਵਰ
- ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਨਹੀਂ ਛੱਡੀ ਜਾਵੇਗੀ ਕੋਈ ਕਮੀ : ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 8 ਫਰਵਰੀ 2021 - ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਜ਼ਿਲ੍ਹਾ ਹੁਸ਼ਿਆਰਪੁਰ ਲਈ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਬਬਿਤਾ ਆਈ.ਏ.ਐਸ ਨੇ ਕਿਹਾ ਕਿ ਮਿਊਂਸਪਲ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਲਈ ਸਾਰੇ ਚੋਣ ਅਧਿਕਾਰੀ ਗੰਭੀਰਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਦੌਰਾਨ ਮਿਊਂਸਪਲ ਚੋਣਾਂ ਸਬੰਧੀ ਰਿਟਰਨਿੰਗ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਜ਼ਿਲ੍ਹੇ ਵਿੱਚ ਚੋਣਾਂ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ’ਤੇ ਪੁਲਿਸ ਅਬਜ਼ਰਵਰ ਆਈ.ਜੀ ਸੰਜੀਵ ਕਾਲੀਆ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵੀ ਮੌਜੂਦ ਸਨ।
ਜਨਰਲ ਅਬਜ਼ਰਵਰ ਬਬਿਤਾ ਨੇ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਚੋਣ ਅਫ਼ਸਰਾਂ ਨੂੰ ਪੂਰੇ ਉਤਸ਼ਾਹ ਅਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣਾਂ ਸਬੰਧੀ ਕੀਤੇ ਗਏ ਪ੍ਰਬੰਧਾਂ ’ਤੇ ਤਸੱਲੀ ਪ੍ਰਗਟ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਚੋਣਾਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਸੁਚਾਰੂ ਰੂਪ ਨਾਲ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ।
ਪੁਲਿਸ ਅਬਜ਼ਰਵਰ ਆਈ.ਜੀ ਸੰਜੀਵ ਕਾਲੀਆ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿੱਚ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ ਅਤੇ ਇਹ ਤਾਲਮੇਲ ਜ਼ਿਲ੍ਹੇ ਵਿੱਚ ਬਾਖੂਬੀ ਨਜ਼ਰ ਆ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪੁਲਿਸ ਨੂੰ ਅਦਾਇਤ ਕਰਦਿਆਂ ਕਿਹਾ ਕਿ ਕਾਨੂੰਨ ਵਿਵਸਥਾ ਲਾਗੂ ਕਰਨ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਵਲੋਂ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਰਾਹਗੀਰ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਭਰੋਸਾ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਮੁਕੇਰੀਆਂ, ਦਸੂਹਾ, ਗੜ੍ਹਦੀਵਾਲਾ, ਹਰਿਆਣਾ, ਸ਼ਾਮ ਚੁਰਾਸੀ, ਟਾਂਡਾ, ਗੜ੍ਹਸ਼ੰਕਰ ਅਤੇ ਨਗਰ ਪੰਚਾਇਤ ਮਾਹਿਲਪੁਰ ਅਤੇ ਤਲਵਾੜਾ ਵਿੱਚ ਚੋਣਾਂ ਲਈ 14 ਫਰਵਰੀ 2021 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ 12 ਨੂੰ ਸ਼ਾਮ 5 ਵਜੇ ਤੱਕ ਕੀਤਾ ਜਾ ਸਕੇਗਾ ਅਤੇ 14 ਫਰਵਰੀ ਨੂੰ ਵੋਟਾਂ ਤੋਂ ਬਾਅਦ ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਵੇਗੀ।
ਇਸ ਮੌਕੇ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਐਸ.ਪੀ ਰਵਿੰਦਰ ਪਾਲ ਸਿੰਘ ਸੰਧੂ, ਐਸ.ਡੀ.ਐਮ ਹੁਸ਼ਿਆਰਪੁਰ ਅਮਿਤ ਮਹਾਜਨ, ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ ਗੜ੍ਹਸ਼ੰਕਰ ਹਰਬੰਸ ਸਿੰਘ, ਐਸ.ਡੀ.ਐਮ ਦਸੂਹਾ ਰਣਦੀਪ ਸਿੰਘ ਹੀਰ ਤੋਂ ਇਲਾਵਾ ਸਾਰੇ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਅਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧ ਵੀ ਮੌਜੂਦ ਸਨ।