ਅਸ਼ੋਕ ਵਰਮਾ
ਬਠਿੰਡਾ,8 ਫਰਵਰੀ 2021: ਬਠਿੰਡਾ ਜਿਲ੍ਹੇ ਦੇ ਰਾਮਪੁਰਾ ਹਲਕੇ ’ਚ ਵੱਖ ਵੱਖ ਥਾਵਾਂ ਤੇ ਨਾਮਜਦਗੀ ਕਾਗਜ਼ ਰੱਦ ਕਰਨ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੁੱਜ ਗਿਆ ਹੈ। ਇਸ ਹਲਕੇ ’ਚ ਪੈਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪਿੰਡ ਮਲੂਕਾ ਦੀ ਨਗਰ ਪੰਚਾਇਤ ਤੋਂ 7 ਅਕਾਲੀ ਉਮੀਦਵਾਰਾਂ ਦੇ ਨਾਮਜਦਗੀ ਪਰਚੇ ਰੱਦ ਕੀਤੇ ਗਏ ਹਨ ਜਦੋਂਕਿ ਮਹਿਰਾਜ ਨਗਰ ਪੰਚਾਇਤ ਤੋਂ 5, ਭਗਤਾ ਭਾਈ ਤੋਂ 3, ਕੋਠਾ ਗੁਰੂ ਨਗਰ ਪੰਚਾਇਤ ਤੋਂ 5 ਅਤੇ ਭਾਈਰੂਪਾ ਨਗਰ ਪੰਚਾਇਤ ਤੋਂ 4ਅਕਾਲੀ ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ ਕੀਤੀਆਂ ਗਈਆਂ ਹਨ। ਜਿਹਨਾਂ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਕੀਤੇ ਹਨ ਉਹਨਾਂ ਨੇ ਹਾਈਕੋਰਟ ਅੱਗੇ ਇਨਸਾਫ ਦੀ ਗੁਹਾਰ ਲਾਈ ਹੈ। ਅਕਾਲੀ ਉਮੀਦਵਾਰਾਂ ਨੇ ਇਸ ਮਾਮਲੇ ’ਚ ਸਟੇਟ ਇਲੈਉਕਸ਼ਨ ਕਮਿਸ਼ਨ ਪੰਜਾਬ, ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਠਿੰਡਾ ਕਮ ਜਿਲ੍ਹਾ ਚੋਣ ਅਫਸਰ ਅਤੇ ਐਸ ਡੀ ਐਮ ਫੂਲ ਕਮ ਰਿਟਰਨਿੰਗ ਅਫਸਰ ਨੂੰ ਪਾਰਟੀ ਬਣਾਇਆ ਹੈ।
ਇਹਨਾਂ ਮਾਮਲਿਆਂ ’ਚ ਸ਼ਕਾਇਤ ਕਰਤਾ ਧਿਰ ਦੇ ਵਕੀਲ ਐਡਵੋਕੇਟ ਅਨਮੋਲ ਰਤਨ ਸਿੰਘ ਨੇ ਦੱਸਿਆ ਕਿ ਅਦਾਲਤ ਨੂੰ ਪਟੀਸ਼ਨ ਰਾਹੀਂ ਜਾਣੂੰ ਕਰਵਾਇਆ ਗਿਆ ਹੈ ਕਿ ਇੱਕ ਛੋਟੀ ਜਿਹੀ ਨਗਰ ਪੰਚਾਇਤ ਦੀ ਚੋਣ ਲਈ 7-7 ਉਮੀਦਵਾਰਾਂ ਦੇ ਨਾਮਜਦਗੀ ਪੰਤਰ ਰੱਦ ਕਰਨੇ ਨਿਆਂ ਸੰਗਤ ਨਹੀਂ ਹੈ। ਉਹਨਾਂ ਦੱਸਿਆ ਕਿ ਇੱਕ ਹੀ ਧਿਰ ਨਾਲ ਕੀਤੀ ਇਸ ਤਰਾਂ ਦੀ ਕਾਰਵਾਈ ਸਵਾਲ ਖੜ੍ਹੇ ਕਰਦੀ ਹੈ। ਉਹਨਾਂ ਦੱਸਿਆ ਕਿ ਅਦਾਲਤ ਨੇ ਰਿੱਟ ਪ੍ਰਵਾਨ ਕਰ ਲਈ ਹੈ ਅਤੇ ਮਾਮਲੇ ਦੀ ਗੰਭੀਰਤਾ ਅਤੇ ਚੋਣਾਂ ਦੀ ਸਮਾਂ ਸੀਮਾਂ ਘੱਟ ਹੋਣ ਨੂੰ ਦੇਖਦਿਆਂ ਮੰਗਲਵਾਰ 9 ਫਰਵਰੀ ਨੂੰ ਹੀ ਸੁਣਵਾਈ ਦੀ ਸੰਭਾਵਨਾਂ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਇਸ ਸਬੰਧ ’ਚ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਕੇ ਰੱਦ ਕੀਤੇ ਕਾਗਜਾਂ ਦੀ ਦੁਬਾਰਾ ਪੜਤਾਲ ਕਰਵਾ ਕੇ ਉਮੀਦਵਾਰਾਂ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ ਸੀ ਪਰ ਜਦੋਂ ਸੁਣਵਾਈ ਨਾਂ ਹੋਈ ਤਾਂ ਹਾਈਕੋਰਟ ਦਾ ਰੁੱਖ ਕੀਤਾ ਹੈ।
ਉਹਨਾਂ ਦਾਅਵਾ ਕੀਤਾ ਕਿ ਹਲਕਾ ਰਾਮਪੁਰਾ ਫੂਲ ਵਿੱਚ ਇਹਨਾਂ ਉਮੀਦਵਾਰਾਂ ਦੀਆਂ ਨਾਮਜਦਗੀਆਂ ਹਾਸੋ ਹੀਣੇ ਤੇ ਬੇਤੁਕੇ ਇਤਰਾਜ ਲਗਾ ਕੇ ਰੱਦ ਕੀਤੀਆਂ ਗਈਆਂ ਹਨ। ਉਹਨਾਂ ਪੰਜਾਬ ਦੇ ਇੱਕ ਮੰਤਰੀ ਨੇ ਸਰਕਾਰੀ ਮਸ਼ੀਨਰੀ ਦੀ ਕਥਿਤ ਦੁਰਵਰਤੋਂ ਕਰਦਿਆਂ ਨਾਮਜਦਗੀ ਪਰਚੇੇ ਰੱਦ ਕਰਵਾਉਣ ਦਾ ਰਸਤਾ ਅਖਤਿਆਰ ਕੀਤਾ ਹੈ। ਉਹਨਾਂ ਦੱਸਿਆ ਕਿ ਉਮੀਦਵਾਰਾਂ ਨੂੰ ਕਾਗਜ ਰੱਦ ਕਰਨ ਦੇ ਕਾਰਨਾਂ ਬਾਰੇ ਲਿਖਤੀ ਜਾਣਕਾਰੀ ਵੀ ਨਹੀਂ ਦਿੱਤੀ ਗਈ ਜਦੋਂਕਿ ਅਜਿਹਾ ਕਰਨਾ ਲਾਜਮੀ ਹੁੰਦਾ ਹੈ। ਉਹਨਾਂ ਦੱਸਿਆ ਕਿ ਚੋਣਾਂ ਲੜਨ ਦੇ ਇਹ ਚਾਹਵਾਨ ਤਾਂ ਜਾਣਕਾਰੀ ਹਾਸਲ ਕਰਨ ਲਈ ਵੀ ਭਟਕਦੇ ਰਹੇ ਹਨ ਪਰ ਜਦੋਂ ਕੋਈ ਰਾਹ ਨਾਂ ਬਚਿਆ ਤਾਂ ਅਦਾਲਤ ਅੱਗੇ ਚਾਰਾਜੋਈ ਕਰਨੀ ਪਈ ਹੈ। ਉਹਨਾਂ ਆਖਿਆ ਕਿ ਇਸ ਤਰਾਂ ਦਾ ਮਾਮਲਾ ਪਹਿਲੀ ਵਾਰ ਨਹੀਂ ਸਾਹਮਣੇ ਨਹੀਂ ਆਇਆ ਬਲਕਿ ਮਾਲ ਮਹਿਕਮੇ ਨਾਲ ਸਬੰਧਤ ਹਲਕੇ ਵਿੱਚ ਤਾਇਨਾਤ ਕੁੱਝ ਅਧਿਕਾਰੀਆਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਪਿਛਲੇ ਤਿੰਨ ਚਾਰ ਸਾਲਾਂ ਤੋਂ ਵੱਖ ਵੱਖ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।