- ਭਾਜਪਾ ਆਗੂ ਨਰਿੰਦਰ ਰੈਣਾ ਨੇ ਭਾਜਪਾ ਆਗੂ ਤੇ ਨਿਗਮ ਚੋਣਾਂ ਦੇ ਉਮੀਦਵਾਰਾਂ ਵਿੱਚ ਭਰਿਆ ਜੋਸ਼
ਐਸ.ਏ.ਐਸ. ਨਗਰ / ਮੋਹਾਲੀ, 9 ਫ਼ਰਵਰੀ 2021 - ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਯਤਾ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਵਿੱਚ ਭਾਰੀ ਬੁਖਲਾਹਟ ਪਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਭਾਜਪਾ ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਭਾਜਪਾ ਦੇ ਆਲ ਇੰਡੀਆ ਸੈਕਟਰੀ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਨਰਿੰਦਰ ਰੈਣਾ ਨੇ ਇਹ ਵਿਚਾਰ ਅੱਜ ਇੱਥੇ ਸੈਕਟਰ 71 ਸਥਿਤ ਪਾਰਟੀ ਦੇ ਚੋਣ ਦਫ਼ਤਰ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੀਟਿੰਗ ਵਿੱਚ ਚੰਡੀਗੜ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਚੰਡੀਗੜ ਤੋਂ ਪ੍ਰਧਾਨ ਅਰੁਣ ਸੂਦ, ਸਾਬਕਾ ਪ੍ਰਧਾਨ ਸੰਜੇ ਟੰਡਨ, ਜਨਰਲ ਸਕੱਤਰ ਰਾਮਵੀਰ ਭੱਟੀ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਵਸ਼ਿਸ਼ਟ, ਰਮੇਸ਼ ਦੱਤ ਆਦਿ ਵੀ ਹਾਜ਼ਰ ਸਨ।
ਭਾਜਪਾ ਆਗੂ ਨਰਿੰਦਰ ਰੈਣਾ ਨੇ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਚੋਣਾਂ ਦੇ ਇਸ ਦੌਰ ਵਿੱਚ ਪੰਜਾਬ ਦੇ ਮੌਜੂਦਾ ਹਾਲਾਤਾਂ ਉਤੇ ਚਾਨਣਾ ਪਾਇਆ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਭਾਜਪਾ ਦੇ ਉਮੀਦਵਾਰ ਤੇ ਆਗੂ ਉਨਾਂ ਦੀਆਂ ਧਮਕੀਆਂ ਤੋਂ ਡਰਨ ਤੇ ਝੁਕਣ ਵਾਲੇ ਨਹੀਂ ਹਨ ਸਗੋਂ ਡੱਟ ਕੇ ਚੋਣਾਂ ਲੜਨਗੇ। ਭਾਜਪਾ ਉਮੀਦਵਾਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਤਕੜੇ ਹੋ ਕੇ ਚੋਣਾਂ ਲੜਨ।
ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪੂਰਾ ਦੇਸ਼ ਖੁਸ਼ ਹੈ ਅਤੇ ਮੋਹਾਲੀ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ ਅਤੇ ਮੋਹਾਲੀ ਵਿੱਚ ਭਾਜਪਾ ਦਾ ਮੇਅਰ ਬਣਾਇਆ ਜਾਵੇਗਾ।