ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 9 ਫਰਵਰੀ 2021 - ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ 14 ਫਰਵਰੀ ਨੂੰ ਵੋਟਾਂ ਪਾਉਣ ਦੀਆਂ ਤਿਆਰੀਆਂ ਮੁਕੰਮਲ ਕਰਦੇ ਹੋਏ ਅੱਜ ਬੀ ਡੀ ਪੀ ਓ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਐਵੀਐਮ ਮਸ਼ੀਨਾਂ ਦੀ ਤਿਆਰੀ ਸ ਜਸਬੀਰ ਸਿੰਘ ਖਿੰਡਾ ਰਿਟਰਨਿੰਗ ਅਫ਼ਸਰ ਦੀ ਅਗਵਾਈ ਵਿਚ ਕਰਵਾਈ ਗਈ। ਇਸ ਮੌਕੇ 13 ਵਾਰਡਾਂ ਦੇ ਉਮੀਦਵਾਰ ਜਾ ਉਹਨਾਂ ਦੇ ਏਜੰਟਾਂ ਦੀ ਨਿਗਰਾਨੀ ਹੇਠ ਮਸ਼ੀਨਾਂ ਵਿੱਚੋਂ ਡੰਮੀ ਵੋਟਿੰਗ ਕਰਾਕੇ ਮਸ਼ੀਨਾਂ ਨੂੰ ਸ਼ੀਲ ਬੰਦ ਕੀਤਾ ਗਿਆ ਹੈ।ਇਸ ਮੌਕੇ ਤਹਿਸੀਲ ਅਫਸਰ ਵਿਨੋਦ ਕੁਮਾਰ ਸੁਲਤਾਨਪੁਰ ਲੋਧੀ, ਏਡੀਓ ਜਸਪਾਲ ਸਿੰਘ, ਖੇਤੀਬਾੜੀ ਅਫ਼ਸਰ ਪਰਮਿੰਦਰ ਕੁਮਾਰ, ਪੰਚਾਇਤ ਅਫ਼ਸਰ ਨਿਰਮਲ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਪ੍ਰਦੀਪ ਥਿੰਦ, ਕਾਂਗਰਸ ਪਾਰਟੀ ਦੇ ਉਮੀਦਵਾਰ ਤੇਜਵੰਤ ਸਿੰਘ, ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ, ਜਤਿੰਦਰ ਸੇਠੀ ਆਦਿ ਹਾਜ਼ਰ ਸਨ।
ਇਸ ਮੌਕੇ ਐਸ ਡੀ ਐਮ ਸੁਲਤਾਨਪੁਰ ਲੋਧੀ ਡਾਕਟਰ ਚਾਰੂ਼ਮਿਤਾ ਨੇ ਦੱਸਿਆ ਕਿ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਵੱਲੋਂ ਨਿੱਜੀ ਤੌਰ ’ਤੇ ਵੀ.ਵੀ.ਪੈਟ ਮਸ਼ੀਨਾਂ ਵਿੱਚ ਚੋਣ ਨਿਸ਼ਾਨ ਲੋਡ ਕਰਨ ਤੋਂ ਇਲਾਵਾ ਈ.ਵੀ.ਐਮਜ਼ ਵਿੱਚ ਵਰਤੇ ਜਾਣ ਵਾਲੇ ਬੈਲਟ ਪੇਪਰਾਂ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨਾਂ 13 ਥਾਵਾਂ ’ਤੇ ਬਣਾਏ ਗਏ ਪੋਲਿੰਗ ਬੂਥਾਂ ’ਤੇ ਲਗਾਈਆਂ ਜਾਣੀਆਂ ਹਨ। ਇਹ ਪੋਲਿੰਗ ਬੂਥ 2 ਨਨਕਾਣਾ ਸਾਹਿਬ ਸਕੂਲ, 2 ਪੁਲਿੰਗ ਬੂਥ ਐਸ ਡੀ ਸਕੂਲ, ਇੱਕ ਪੋਲਿੰਗ ਬੂਥ ਸਿਵਲ ਪਸ਼ੂ ਹਸਪਤਾਲ, ਇੱਕ ਪੋਲਿੰਗ ਬੂਥ ਬੀ ਡੀ ਪੀ ਓ ਦਫ਼ਤਰ, 2 ਪੋਲਿੰਗ ਬੂਥ ਬੋਰਡਿੰਗ ਸਕੂਲ, 2 ਪੋਲਿੰਗ ਬੂਥ ਲੜਕੀਆਂ ਵਾਲੇ ਸਕੂਲ, 2 ਪੋਲਿੰਗ ਬੂਥ ਲੜਕਿਆਂ ਵਾਲੇ ਸਕੂਲ, ਇੱਕ ਪੋਲਿੰਗ ਬੂਥ ਪੰਜਾਬ ਰਾਜ ਬਿਜਲੀ ਬੋਰਡ ਦਫ਼ਤਰ ਵਿੱਚ ਬਣਾਏ ਗਏ ਹਨ।
ਇਸ ਤੋਂ ਇਲਾਵਾ ਸੀਲ ਕੀਤੀਆਂ ਗਈਆਂ ਵੋਟਿੰਗ ਮਸ਼ੀਨਾਂ ਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਰਾਖਵਾਂ ਰੱਖਿਆ ਜਾਵੇਗਾ ਤਾਂ ਜੋ ਵੋਟਾਂ ਵਾਲੇ ਦਿਨ ਜੇ ਕਿਸੇ ਵੋਟਿੰਗ ਮਸ਼ੀਨ ਵਿੱਚ ਜੇਕਰ ਕੋਈ ਨੁਕਸ ਪੈਂਦਾ ਹੈ ਤਾਂ ਉਸ ਨੂੰ ਤੁਰੰਤ ਬਦਲਿਆ ਜਾ ਸਕੇ।
ਉਹਨਾਂ ਕਿਹਾ ਕਿ 13 ਫਰਵਰੀ ਨੂੰ ਵੋਟਿੰਗ ਮਸ਼ੀਨਾਂ ਅਤੇ ਹੋਰ ਸਮੱਗਰੀ ਪੋਲਿੰਗ ਸਟੇਸ਼ਨਾਂ ਤੇ ਟਾਈਮ ਨਾਲ ਪੁਚਾਈ ਜਾਵੇਗੀ ਤਾਂ ਜੋ ਅਗਲੇ ਦਿਨ ਸਵੇਰੇ ਜਲਦੀ ਵੋਟਿੰਗ ਸ਼ੁਰੂ ਹੋ ਸਕੇ। ਇਹਨਾਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ ਹੋਵੇਗੀ।