ਅਸ਼ੋਕ ਵਰਮਾ
ਬਠਿੰਡਾ,9ਫਰਵਰੀ2021: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਅਕਾਲੀ ਉਮੀਦਵਾਰਾਂ ਨੂੰ ਧਮਕੀਆਂ ਦੇਣ ਵਾਲੇ ਭਾਲਿਆਂ ਨਹੀਂ ਥਿਆਉਣਗੇ। ਨਗਰ ਨਿਗਮ ਚੋਣਾਂ ਲਈ ਚੋਣ ਪ੍ਰਚਾਰ ਕਰਨ ਬਠਿੰਡਾ ਆਏ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਦੂਸਰੇ ਚੋਣ ਦੌਰੇ ਦੌਰਾਨ ਜਿੱਥੇ ਪਾਰਟੀ ਉਮੀਦਵਾਰਾਂ ਦੇ ਰਾਹ ’ਚ ਰੋੜੇ ਅਟਕਾਉਣ ਵਾਲਿਆਂ ਨੂੰ ਤਿੱਖੇ ਤੇਵਰ ਦਿਖਾਏ ਉੱਥੇ ਹੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ਹਿਰ ’ਚ ਹੋਏ ਵਿਕਾਸ ਅਤੇ ਲੋੜਵੰਦਾਂ ਲਈ ਲਾਗੂ ਸਹੂਲਤਾਂ ਦੀ ਗੱਲ ਕੀਤੀ। ਅੱਜ ਉਹਨਾਂ ਪਾਰਟੀ ਉਮੀਦਵਾਰ ਸੁਮਨ ਬਾਲਾ, ਅੰਜਨਾ ਰਾਣੀ, ਦੇਸ਼ ਰਾਜ ਗੁਰੂ, ਸੁਰਜੀਤ ਸਿੰਘ ਨਾਗੀ, ਨਿਰਮਲ ਸੰਧੂ ਅਤੇ ਅਨੰਦ ਗੁਪਤਾ ਦੇ ਹੱਕ ਵਿੱਚ ਨੁਕੜ ਮੀਟਿੰਗਾਂ ਕੀਤੀਆਂ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਏਮਜ਼, ਕੇਂਦਰੀ ਯੂਨੀਵਰਸਿਟੀ ਅਤੇ ਚੌਂਹ ਮਾਰਗੀ ਸੜਕ ਪ੍ਰੋਜੈਕਟਾਂ ਨਾਲ ਸ਼ਹਿਰ ਨੂੰ ਕੌਮਾਂਤਰੀ ਪੱਧਰ ਤੇ ਪਹਿਚਾਣ ਮਿਲੀ।
ਉਹਨਾਂ ਇਸ ਮੌਕੇ ਲੋੜਵੰਦ ਲੋਕਾਂ ਨੂੰ ਸਹੂਲਤਾਂ ਦੇਣ ਲਈ ਸ਼ੁਰੂ ਕੀਤੀਆਂ ਵੱਖ ਵੱਖ ਸਕੀਮਾਂ ਦਾ ਜਿਕਰ ਕੀਤਾ। ਉਹਨਾਂ ਦੋਸ਼ ਲਾਏ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਨੀਲੇ ਕਾਰਡ ਕੱਟ ਕੇ ਗਰੀਬ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ। ਉਹਨਾਂ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੋਵਿਡ ਦੇ ਸੰਕਟ ਸਮੇਂ ਲੋੜਵੰਦ ਪਰੀਵਾਰਾਂ ਲਈ ਭੇਜੇ ਗਏ ਰਾਸ਼ਨ ਨੂੰ ਕਥਿਤ ਖੁਰਦ-ਬੁਰਦ ਕਰਨ ਦਾ ਮੁੱਦਾ ਵੀ ਉਠਾਇਆ ਦਿੱਤਾ। ਉਹਨਾਂ ਕਿਹਾ ਕਿ ਹਾਰ ਤੋਂ ਘਬਰਾਏ ਕਾਂਗਰਸੀਆਂ ਵੱਲੋਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਥਿਤ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਪਾਰਟੀ ਵਰਕਰਾਂ ਤੇ ਨਜਾਇਜ ਪਰਚੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਪਰਚਿਆਂ ਜਾਂ ਧਮਕੀਆਂ ਤੋ ਡਰਨ ਵਾਲੀ ਜਮਾਤ ਨਹੀ ਅਤੇ ਸਮਾਂ ਆਉਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਧਮਕੀਆਂ ਦੇਣ ਵਾਲੇ ਲੱਭਣੇ ਨਹੀ।
ਸੁਖਬੀਰ ਬਾਦਲ ਨੇ ਕਿਹਾ ਕਿ ਤੇ ਨਜਾਇਜ ਪਰਚੇ ਦਰਜ ਕਰਨ ਵਾਲੇ ਅਧਿਕਾਰੀਆਂ ਨਾਲ ਅਗਲੇ ਸਾਲ ਫਰਵਰੀ ਵਿਚ ਹਿਸਾਬ ਕਿਤਾਬ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਖਜਾਨਾ ਮੰਤਰੀ ਵੱਲੋਂ ਕੀਤਾ ਗਿਆ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਤੇ ਪਿਛਲੇ 4 ਸਾਲਾਂ ਤੋਂ ਸ਼ਹਿਰ ਦੇ ਵਿਕਾਸ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਪੰਜਾਬ ਅਤੇ ਬਠਿੰਡਾ ਸ਼ਹਿਰ ਦਾ ਵਿਕਾਸ ਅਕਾਲੀ ਦਲ ਦੀ ਸਰਕਾਰ ਅਤੇ ਪਾਰਟੀ ਦਾ ਮੇਅਰ ਬਣਨ ਤੇ ਹੀ ਸੰਭਵ ਹੋਵੇਗਾ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਸਾਬਕਾ ਮੇਅਰ ਬਲਵੰਤ ਰਾਏ ਨਾਥ ਨੇ ਸੰਬੋਧਨ ਕਰਦਿਆਂ ਕਿਹਾ ਕਿ ਗਰੀਬਾਂ ਦੇ ਮੂੰਹ ਵਿਚੋ ਰਾਸ਼ਨ ਖੋਹਣ ਵਾਲੀ ਕਾਂਗਰਸ ਵੋਟ ਮੰਗਣ ਦੀ ਹੱਕਦਾਰ ਨਹੀ ਹੈ। ਇਸ ਮੌਕੇ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਮੰਜੂ ਕੁਰੇਸ਼ੀ, ਗੁਰਮੀਤ ਸਿੰਘ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜਰ ਸਨ।