- ਪਤਾ ਲੱਗਣ ’ਤੇ ਹੱਸਦੇ ਹੋਏ ਵਾਪਸ ਪਰਤੇ
ਸ੍ਰੀ ਮੁਕਤਸਰ ਸਾਹਿਬ 10 ਫਰਵਰੀ 2021 - ਨਗਰ ਕੌਂਸਲ ਚੋਣਾਂ ਦਾ ਮਾਹੌਲ ਪੂਰੀ ਤਰਾਂ ਗਰਮਾਇਆ ਹੋਇਆ ਹੈ। ਇੰਨੀ ਦਿਨੀ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਮੁਕਤਸਰ ਦੇ ਅਲੱਗ ਅਲੱਗ ਵਾਰਡਾਂ ਵਿਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ। ਬੁੱਧਵਾਰ ਦੀ ਸੁਭਾ ਉਹ ਵਾਰਡ ਨੰਬਰ 19 ਵਿਚ ਕਾਂਗਰਸ ਦੀ ਮਹਿਲਾ ਉਮੀਦਵਾਰ ਲਈ ਡੋਰ ਟੂ ਡੋਰ ਵੋਟਾਂ ਮੰਗ ਰਹੇ ਸਨ। ਇਸ ਦੌਰਾਨ ਹੀ ਉਹ ਵੋਟਾਂ ਮੰਗਦੇ ਹੋਏ ਅਕਾਲੀ ਦਲ ਦੇ ਵਾਰਡ ਨੰਬਰ 18 ਤੋਂ ਉਮੀਦਵਾਰ ਟੇਕ ਚੰਦ ਬੱਤਰਾ ਦੇ ਘਰ ਜਾ ਪਹੰੁਚੇ।
ਉਸ ਦੇ ਘਰ ਦੇ ਬਾਹਰ ਲੱਗੇ ਪੋਸਟਰਾਂ ਨੂੰ ਵੀ ਨਹੀਂ ਦੇਖਿਆ ਅਤੇ ਨਾ ਹੀ ਉਸਦੇ ਨਾਲ ਜਾ ਰਹੇ ਕਾਂਗਰਸੀ ਵਰਕਰਾਂ ਨੇ ਦੱਸਿਆ ਕਿ ਇਹ ਅਕਾਲੀ ਉਮੀਦਵਾਰ ਦਾ ਘਰ ਹੈ। ਜਦੋਂ ਉਮੀਦਵਾਰ ਟੇਕ ਚੰਦ ਬੱਤਰਾ ਘਰ ਤੋਂ ਬਾਹਰ ਆਏ ਤਾਂ ਰਾਜਾ ਵੜਿੰਗ ਨੇ ਵੋਟਾਂ ਪਾਉਣ ਦੀ ਅਪੀਲ ਕਰ ਦਿੱਤੀ। ਜਿਸ ਤੋਂ ਬਾਅਦ ਟੇਕ ਚੰਦ ਬੱਤਰਾ ਨੇ ਕਿਹਾ ਕਿ ਉਹ ਤਾਂ ਅਕਾਲੀ ਦਲ ਵੱਲੋਂ 18 ਨੰਬਰ ਵਾਰਡ ਤੋਂ ਚੋਣ ਲੜ ਰਿਹਾ ਹੈ। ਜਿਸ ਨੂੰ ਸੁਣ ਕੇ ਸਾਰੇ ਪਾਸੇ ਹਾਸੜ ਮੱਚ ਗਈ। ਰਾਜਾ ਵੜਿੰਗ ਹੱਸਦੇ ਹੋਏ ਉਥੇ ਅਗਲੇ ਪੜਾਅ ਲਈ ਰਵਾਨਾ ਹੋ ਗਏ। ਜਦਕਿ ਉਸਦੇ ਪਿਛੇ ਖੜੇ ਉਸਦੇ ਆਪਣੇ ਹੀ ਸਮਰਥਕ ਆਪਣਾ ਹਾਸਾ ਰੋਕ ਨਹੀਂ ਪਾ ਰਹੇ ਸਨ।