ਨਵਾਂਸ਼ਹਿਰ 10 ਫਰਵਰੀ 2021 - ਸ੍ਰੋਮਣੀ ਅਕਾਲੀ ਦਲ ਵਲੋਂ ਨਿਰਪੱਖ ਚੋਣਾਂ ਕਰਵਾਉਣ ਲਈ ਨੀਮ ਫੌਜ਼ੀ ਬਲ ਤਾਇਨਾਤ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਆਰ.ਟੀ.ਆਈ. ਤੇ ਸੋਸ਼ਲ ਐਕਟਿਵਿਸਟਾਂ ਪਰਵਿੰਦਰ ਸਿੰਘ ਕਿੱਤਣਾ, ਕੁਲਦੀਪ ਸਿੰਘ ਖਹਿਰਾ ਅਤੇ ਐਡਵੋਕੇਟ ਹਾਕਮ ਸਿੰਘ ਨੇ ਮੁੱਖ ਮੰਤਰੀ ਪੰਜਾਬ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ, ਪੰਜਾਬ ਪੁਲਿਸ ਦੇ ਡੀ.ਜੀ.ਪੀ. ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਅਕਾਲੀ ਦਲ ਦੀ ਮੰਗ ਦਾ ਜਵਾਬ ਦੇਣ ਲਈ ਕਿਹਾ ਹੈ।
ਇਹਨਾਂ ਐਕਟਿਵਿਸਟਾਂ ਨੇ ਉਕਤ ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਦੱਸਿਆ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਦੋਂ ਖੁਦ ਉਪ ਮੁੱਖ ਮੰਤਰੀ ਸਨ ਤਾਂ ਦੀਨਾ ਨਗਰ ਗੁਰਦਾਸਪੁਰ ਵਿਚ ਹੋਏ ਅੱਤਵਾਦੀ ਹਮਲੇ ਉਪਰੰਤ ਉਹਨਾਂ ਅਗਸਤ 2015 ਨੂੰ ਕਿਹਾ ਸੀ ਕਿ ਇਸਦੀ ਜਾਂਚ ਲਈ ਕਿਸੇ ਕੇਂਦਰੀ ਏਜੰਸੀ ਦੀ ਜ਼ਰੂਰਤ ਨਹੀਂ ਹੈ, ਪੰਜਾਬ ਪੁਲਿਸ ਇਸ ਕੰਮ ਲਈ ਕਾਫੀ ਹੈ।ਇੰਨਾ ਹੀ ਨਹੀਂ, ਪਠਾਨਕੋਟ ਏਅਰ ਬੇਸ ‘ਤੇ ਅੱਤਵਾਦੀ ਹਮਲੇ ਸਮੇਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਸਾਡੀ ਪੰਜਾਬ ਪੁਲਿਸ ਜਾਣਦੀ ਹੈ ਕਿ ਕਿੱਥੇ ਕੀ ਹੋ ਰਿਹਾ ਹੈ ਸਾਡੀ ਪੁਲਿਸ ਦੀ ਆਲੋਚਨਾ ਨਾ ਕਰੋ।ਇਸ ਨੂੰ ਇਹ ਨਾ ਦੱਸੋ ਕਿ ਡਿਊਟੀ ਕਿਵੇਂ ਕਰਨੀ ਹੈ.....।
ਪੱਤਰ ਵਿਚ ਮੁੱਖ ਮੰਤਰੀ, ਡੀ.ਜੀ.ਪੀ. ਅਤੇ ਹੋਰ ਅਧਿਕਾਰੀਆਂ ਨੂੰ ਸਵਾਲ ਕੀਤਾ ਗਿਆ ਹੈ ਕਿ ਪੰਜਾਬ ਪੁਲਿਸ ਵਿਚ ਅਜਿਹੀ ਕਿਹੜੀ ਤਬਦੀਲੀ ਆ ਗਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ‘ਤੇ ਯਕੀਨ ਨਹੀਂ ਰਿਹਾ?ਪੱਤਰ ਵਿਚ ਅੱਗੇ ਸਵਾਲਾਂ ਦੀ ਝੜੀ ਲਗਾਈ ਗਈ ਹੈ।ਕੀ ਪੰਜਾਬ ਪੁਲਿਸ ਦੇ ਸਮਰੱਥ ਅਧਿਕਾਰੀ ਇਹ ਮੰਨਣ ਲੱਗ ਪਏ ਹਨ ਕਿ ਪੁਲਿਸ ਪਿਛਲ਼ੇ ਤਿੰਨ ਚਾਰ ਸਾਲਾਂ ਵਿਚ ਬਹਾਦਰ ਤੋਂ ਕਾਇਰ ਬਣ ਗਈ ਹੈ ਜਾਂ ਇਮਾਨਦਾਰ ਤੋਂ ਜ਼ਿਆਦਾ ਭ੍ਰਿਸ਼ਟ ਬਣ ਗਈ ਹੈ? ਫਿਰ ਪੰਜਾਬ ਪੁਲਿਸ ਤੋਂ ਲੱਖਾਂ ਰੁਪਏ ਤਨਖਾਹਾਂ ਲੈਣ ਵਾਲੇ ਅਧਿਕਾਰੀ ਆਪਣੇ ਅਦਾਰੇ ਬਾਰੇ ਕਿਉਂ ਨਹੀਂ ਬੋਲਦੇ ? ਪੰਜਾਬ ਪੁਲਿਸ ਦਾ ਲੋਕ ਸੰਪਰਕ ਅਤੇ ਮੀਡੀਆ ਵਿੰਗ ਕੀ ਕਰ ਰਿਹਾ ਹੈ? ਕੀ ਅਧਿਕਾਰੀਆਂ ਨੂੰ ਨਹੀਂ ਲੱਗਦਾ ਕਿ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪੁੱਛਣਗੀਆਂ ਕਿ ਜਦੋਂ ਤੁਸੀਂ ਪੰਜਾਬ ਪੁਲਿਸ ਵਿਚ ਇਕ ਵੱਡੇ ਅਹੁਦੇ ‘ਤੇ ਨੌਕਰੀ ਕਰਦੇ ਸੀ ਤਾਂ ਸ੍ਰੋਮਣੀ ਅਕਾਲੀ ਦਲ ਦਾ ਤੁਹਾਡੇ ਤੋਂ ਵਿਸ਼ਵਾਸ਼ ਕਿਉਂ ਉੱਠ ਗਿਆ ਸੀ ਜਾਂ ਫਿਰ ਤੁਸੀਂ ਸੁਖਬੀਰ ਬਾਦਲ ਵਰਗੇ ਲੀਡਰ ਨੂੰ ਵੀ ਜਵਾਬ ਕਿਉਂ ਨਹੀਂ ਦੇ ਸਕੇ?