ਮੋਹਾਲੀ, 10 ਫ਼ਰਵਰੀ 2021 - ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 7 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਬਲਜੀਤ ਕੌਰ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਅੱਜ ਉਸ ਸਮੇਂ ਹੋਰ ਭਰ੍ਹਵਾਂ ਹੁੰਗਾਰਾ ਮਿਲਿਆ ਜਦੋਂ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਤਨੀ ਬੀਬੀ ਦਲਜੀਤ ਕੌਰ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪਤਨੀ ਬੀਬੀ ਜਤਿੰਦਰ ਕੌਰ ਸਿੱਧੂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਅੱਜ ਦੇ ਚੋਣ ਪ੍ਰਚਾਰ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਮੂਲੀਅਤ ਕੀਤੀ।
ਬੀਬੀ ਦਲਜੀਤ ਕੌਰ ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਹਾਲੀ ਸ਼ਹਿਰ ਦੇ ਸਰਵਪੱਖੀ ਵਿਕਾਸ ਦੇ ਲਈ ਵਾਰਡ ਨੰਬਰ 7 ਤੋਂ ਬੀਬੀ ਬਲਜੀਤ ਕੌਰ ਨੂੰ ਵੱਡੀ ਲੀਡ ਨਾਲ ਚੋਣ ਜਿਤਾਈ ਜਾਵੇ ਤਾਂ ਜੋ ਨਗਰ ਨਿਗਮ ਵਿੱਚ ਕਾਂਗਰਸ ਪਾਰਟੀ ਦਾ ਮੇਅਰ ਬਣਾਇਆ ਜਾ ਸਕੇ ਅਤੇ ਸ਼ਹਿਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਸਕਣ।
ਇਸ ਮੌਕੇ ਉਮੀਦਵਾਰ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਰਡ ਵਿੱਚ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਆਪਣੇ ਵਾਰਡ ਦੇ ਲੋਕਾਂ ਤੋਂ ਮਿਲ ਰਿਹਾ ਉਤਸ਼ਾਹ ਉਨ੍ਹਾਂ ਦੀ ਜਿੱਤ ਵੱਲ ਸਿੱਧਾ ਸੰਕੇਤ ਕਰਦਾ ਹੈ। ਉਨ੍ਹਾਂ ਬੀਬੀ ਸਿੱਧੂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸੀਟ ਜਿੱਤ ਕੇ ਕਾਂਗਰਸ ਦਾ ਮੇਅਰ ਬਣਾਉਣ ਵਿੱਚ ਵਾਰਡ ਨੰਬਰ 7 ਦਾ ਵੀ ਯੋਗਦਾਨ ਪਾਇਆ ਜਾਵੇਗਾ ਅਤੇ ਆਪਣੇ ਵਾਰਡ ਦਾ ਵਿਕਾਸ ਕਰਵਾਇਆ ਜਾਵੇਗਾ।
ਇਸ ਮੌਕੇ ਰਾਜ ਬਾਲਾ, ਮਮਤਾ ਰਹੇਜਾ, ਕਾਂਤਾ ਦੇਵੀ, ਪਰਮਜੀਤ ਕੌਰ, ਮਨਪ੍ਰੀਤ ਕੌਰ, ਮੰਜੂ, ਸੁਰਕਸ਼ਾ ਦੇਵੀ, ਪਰਵੇਸ਼ ਚੱਢਾ, ਕਰਮਜੀਤ ਕੌਰ ਵੀ ਹਾਜ਼ਰ ਸਨ।