ਮਨਿੰਦਰਜੀਤ ਸਿੱਧੂ
- ਇਮਾਨਦਾਰ ਪਿਛੋਕੜ ਅਤੇ ਕਾਂਗਰਸ ਦੀ ਧੜੇਬੰਦੀ ਦਾ ਮਿਲ ਸਕਦਾ ਵੱਡਾ ਫ਼ਾਇਦਾ
ਜੈਤੋ, 11 ਫਰਵਰੀ 2021 - ਦੋ ਵਾਰ ਨਗਰ ਕੌਂਸਲ ਦੀ ਚੋਣਾਂ ਲੜ ਚੁੱਕੇ ਦਿਲਬਾਗ ਸ਼ਰਮਾ ਉਰਫ ਬਾਗੀ ਸ਼ਰਮਾ ਇੱਕ ਵਾਰ ਫਿਰ ਪੂਰੀ ਤਾਕਤ ਇਕੱਠੀ ਕਰਕੇ ਅਜਾਦ ਉਮੀਦਵਾਰ ਵਜੋਂ ਨਗਰ ਕੌਂਸਲ ਚੋਣਾਂ ਦੇ ਮੈਦਾਨ ਵਿੱਚ ਕੁੱਦੇ ਹੋਏ ਹਨ।ਮੱਧਵਰਗੀ ਬਾਗੀ ਸ਼ਰਮਾ ਕੋਲ ਭਾਵੇਂ ਆਪਣੇ ਮੁਕਾਬਲੇ ਵਿੱਚ ਕਾਂਗਰਸ ਦੀ ਟਿਕਟ ਉੱਪਰ ਚੋਣ ਲੜ ਰਹੇ ਸੀਨੀਅਰ ਕਾਂਗਰਸੀ ਆਗੂ ਸੱਤਪਾਲ ਡੋਡ ਅਤੇ ਕਾਂਗਰਸ ਤੋਂ ਟਿਕਟ ਨਾ ਮਿਲਣ ਕਾਰਨ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਜੀਤੂ ਬਾਂਸਲ ਮੁਕਾਬਲੇ ਆਰਥਿਕ ਸਾਧਨਾਂ ਦੀ ਬਹੁਤਾਤ ਨਹੀਂ, ਪਰ ਉਸਦਾ ਲੋਕਾਂ ਵਿੱਚ ਆਪਣਾ ਕਾਫੀ ਵੱਡਾ ਸਮਾਜਿਕ ਆਧਾਰ ਹੈ, ਇੱਕ ਇਮਾਨਦਾਰ ਪਿਛੋਕੜ ਹੈ ਅਤੇ ਕਾਮਰੇਡ ਪਰਿਵਾਰ ਦਾ ਇੱਕ ਗੌਰਵਮਈ ਇਤਿਹਾਸ ਹੈ ਜਿਸ ਕਾਰਨ ਬਾਗੀ ਸ਼ਰਮਾ ਵਿਰੋਧੀਆਂ ਨੂੰ ਪੂਰੀ ਟੱਕਰ ਦੇ ਰਿਹਾ ਹੈ।
ਬਾਗੀ ਦੀ ਲੋਕਪ੍ਰਿਅਤਾ ਦੀ ਵੱਡੀ ਮਿਸਾਲ ਉਦੋਂ ਮਿਲ ਰਹੀ ਹੈ ਜਦੋਂ ਵਾਰਡ ਵਾਸੀਆਂ ਵੱਲੋਂ ਜਗਾ੍ਹ ਜਗਾ੍ਹ ਆਪ ਮੁਹਾਰੇ ਮਾਨ ਅਤੇ ਸਤਿਕਾਰ ਦੀ ਭਾਵਨਾ ਤਹਿਤ ਬਾਗੀ ਸ਼ਰਮਾ ਨੂੰ ਲੱਡੂਆਂ ਅਤੇ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਹੈ।ਬੀਤੀ ਸ਼ਾਮ ਵੀ ਸਥਾਨਕ ਮਹਾਂਵੀਰ ਪਾਰਕ ਮੁਹੱਲੇ ਵਿੱਚ ਸਟੇਟ ਬੈਂਕ ਆਫ ਪਟਿਆਲਾ ਦੇ ਸਾਬਕਾ ਹੈੱਡ ਕੈਸ਼ੀਅਰ ਸੁਰੇਸ਼ ਕੁਮਾਰ ਸਿੰਗਲਾ ਦੇ ਫਰਜ਼ੰਦ ਪ੍ਰਵੀਨ ਕੁਮਾਰ ਪਿੰਨਾ ਅਤੇ ਸੈਂਕੜੇ ਵਾਰਡ ਵਾਸੀਆਂ ਨੇ ਬਾਗੀ ਸ਼ਰਮਾ ਨੂੰ ਸਿੱਕਿਆਂ ਨਾਲ ਤੋਲਿਆ ਅਤੇ ਭਾਰੀ ਵੋਟਾਂ ਨਾਲ ਜਿਤਾਉਣ ਦਾ ਅਹਿਦ ਲਿਆ।
ਇੱਕਠ ਨੂੰ ਸੰਬੋਧਨ ਕਰਦਿਆਂ ਬਾਗੀ ਸ਼ਰਮਾ ਨੇ ਕਿਹਾ ਸੀ ਕਿ ਅੱਜ ਤੋਂ ਲਗਭਗ 40 ਵਰ੍ਹੇ ਪਹਿਲਾਂ ਮੇਰੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਅਸੀਂ ਇੱਥੇ ਆ ਕੇ ਵਸੇ ਸੀ ਅਤੇ ਇੱਥੋਂ ਦੇ ਲੋਕਾਂ ਨੇ ਸਾਨੂੰ ਅਥਾਹ ਮੋਹ ਪ੍ਰੇਮ ਅਤੇ ਗਲ ਲਾ ਕੇ ਰੱਖਿਆ।ਮੇਰਾ ਕਤਰਾ ਕਤਰਾ ਲੋਕਾਂ ਲਈ ਹਾਜਰ ਹੈ।ਐੱਮ.ਸੀ ਬਣਕੇ ਮੈਂ ਆਪਣੇ ਲੋਕਾਂ ਦੇ ਦੁੱਖ ਸੁੱਖ ਵਿੱਚ ਪਹਿਲਾਂ ਵਾਂਗ ਹੀ ਸ਼ਰੀਕ ਹੁੰਦਾ ਰਹਾਂਗਾ।
ਨਤੀਜੇ ਚਾਹੇ ਕੁੱਝ ਵੀ ਰਹਿਣ ਇੱਕ ਗੱਲ ਜੋ ਹਰ ਇੱਕ ਦੀ ਜੁਬਾਨ ਉੱਪਰ ਹੈ ਕਿ ਬਾਗੀ ਸ਼ਰਮਾ ਦੇ ਇਮਾਨਦਾਰ ਪਰਿਵਾਰਿਕ ਪਿਛੋਕੜ ਅਤੇ ਕਾਂਗਰਸ ਦੀ ਆਪਸੀ ਧੜੇਬੰਦੀ ਦਾ ਵੱਡਾ ਫ਼ਾਇਦਾ ਬਾਗੀ ਸ਼ਰਮਾ ਲਿਜਾ ਸਕਦੇ ਹਨ।