ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2021: ਸਿਆਸੀ ਨਜ਼ਰੀਏ ਤੋਂ ਕਾਫੀ ਅਹਿਮ ਮੰਨੇ ਜਾ ਰਹੇ ਬਠਿੰਡਾ ’ਚ ਕਿਸਾਨ ਮਜਦੂਰ ਧਿਰਾਂ ਵੱਲੋਂ ਭਾਰਤੀ ਜੰਤਾ ਪਾਰਟੀ ਆਗੂਆਂ ਨੂੰ ਦਿਖਾਏ ਜਾ ਰਹੇ ‘ਕਾਲੇ ਝੰਡਿਆਂ’ ਅਤੇ ਕਾਲੇ ਕਾਨੂੰਨਾਂ ਖਿਲਾਫ ਆਮ ਲੋਕਾਂ ਵੱਲੋਂ ਚੁੱਕੇ ਗਏ ‘ਡੰਡਿਆਂ’ ਨੇ ਬੀਜੇਪੀ ਦੀ ਚੋਣ ਮੁਹਿੰਮ ਵਾਲੇ ਰੰਗ ’ਚ ਭੰਗ ਪਾਕੇ ਰੱਖ ਦਿੱਤਾ ਹੈ। ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਲੈਕੇ ਹੁਣ ਤੱਕ ਅੱਧੀ ਦਰਜਨ ਤੋਂ ਵੱਧ ਵਾਰਡਾਂ ਵਿੱਚ ਭਾਜਪਾ ਉਮੀਦਵਾਰਾਂ ਦੀਆਂ ਫਲੈਕਸਾਂ ਪਾੜ ਦਿੱਤੀਆਂ ਹਨ ਜਦੋਕਿ ਏਨੇ ਹੀ ਵਾਰਡਾਂ ’ਚ ਔਰਤ ਉਮੀਦਵਾਰਾਂ ਦੀਆਂ ਪੋਸਟਰਾਂ ਤੇ ਬਣੀਆਂ ਤਸਵੀਰਾਂ ਤੇ ਕਾਲਖ ਫੇਰੀ ਗਈ ਹੈ। ਅਜਿਹੇ ਹਾਲਾਤਾਂ ਦਰਮਿਆਨ ਜਦੋਂ ਵੀ ਕੋਈ ਉਮੀਦਵਾਰ ਮਾੜਾ ਮੋਟਾ ਹੌਂਸਲਾ ਫੜਦਾ ਹੈ ਉਦੋਂ ਹੀ ਕੋਈ ਨਾਂ ਕੋਈ ਘਟਨਾਂ ਵਾਪਰ ਜਾਂਦੀ ਹੈ।
ਵੱਡੀ ਗੱਲ ਹੈ ਕਿ ਪੰਜਾਬ ’ਚ ਅਗਲੀ ਵਾਰ ਸੱਤਾ ਦੀ ਦਾਅਵੇਦਾਰ ਅਖਵਾਉਂਦੀ ਭਾਜਪਾ ਕੁੱਝ ਵਾਰਡਾਂ ’ਚ ਤਾਂ ਉਮੀਦਵਾਰ ਵੀ ਨਹੀਂ ਉਤਾਰ ਨਹੀਂ ਸਕੀ ਹੈ। ਬਠਿੰਡਾ ’ਚ ਤਾਂ ਕਈ ਉਮੀਦਵਾਰਾਂ ਨੂੰ ਧੱਕੇ ਨਾਲ ਟਿਕਟਾਂ ਦੇਣ ਦੇ ਚਰਚੇ ਹਨ ਜਦੋਂਕਿ ਇੱਕ ਉਮੀਦਵਾਰ ਨੂੰ ਟਿਕਟ ਦੇਣ ਦੇ ਮਾਮਲੇ ’ਚ ਕਥਿਤ ਤੌਰ ਤੇ ਖਰਚਾ ਦਿੱਤੇ ਜਾਣ ਦੀ ਵੀ ਚੁੰਝ ਚਰਚਾ ਛਿੜੀ ਹੋਈ ਹੈ। ਬਠਿੰਡਾ ’ਚ ਹੁਣ ਜਦੋਂ ਵੀ ਕੋਈ ਵੀ ਭਾਜਪਾ ਦਾ ਵੱਡੋ ਆਗੂ ਆਉਂਦਾ ਹੈ ਤਾਂ ਸੁਰੱਖਿਆ ਦੇ ਪੱਖ ਤੋਂ ਸੈਂਕੜੇ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਂਦੀ ਹੈ ਜਿਸ ਦਾ ਆਮ ਲੋਕਾਂ ’ਚ ਉਲਟ ਪ੍ਰਭਾਵ ਪੈ ਰਿਹਾ ਹੈ । ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਕਾਫਲੇ ਵਿਰੋਧ ਲਈ ਪੁੱਜ ਜਾਂਦੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਾਲ ਮੋਦੀ ਸਰਕਾਰ ਵੱਲੋਂ ਜਾਰੀ ਖੇਤੀ ਆਰਡੀਨੈਂਸਾਂ ਤੋਂ ਬਾਅਦ ਕਿਸਾਨ ਧਿਰਾਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੇ ਰਾਹ ਪਈਆਂ ਹੋਈਆਂ ਹਨ। ਖਾਸ ਤੌਰ ਤੇ ਦਿੱਲੀ ਪੁਲਿਸ ਵੱਲੋਂ ਹੱਕ ਮੰਗਣ ਵਾਲੇ ਕਿਸਾਨਾਂ ਤੇ ਕਸਿਆ ਸ਼ਿਕੰਜਾ ਵੀ ਬੀਜੇਪੀ ਖਿਲਾਫ ਹੀ ਭੁਗਤਦਾ ਦਿਖਾਈ ਦਿੰਦਾ ਹੈ । ਮਾਮਲੇ ਦਾ ਜਿਕਰਯੋਗ ਪਹਿਲੂ ਇਹ ਹੈ ਕਿ ਇਸ ਵਾਰ ਪੰਜਾਬ ਦੀਆਂ ਜਨਤਕ ਜੱਥੇਬੰਦੀਆਂ ਤੋਂ ਇਲਾਵਾ ਵਪਾਰੀ ,ਅਧਿਆਪਕਾਂ ਅਤੇ ਹੋਰ ਯੂਨੀਅਨਾਂ ਵੱਲੋਂ ਵੀ ਕਿਸਾਨ ਸੰਘਰਸ਼ ਸਮਰਥਨ ਕਮੇਟੀ ਬਣਾਕੇ ਖੇਤਾ ਕਾਨੂੰਨਾਂ ਨੂੰ ਲੈਕੇ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋਕਿ ਚੋਣ ਅਖਾੜੇ ’ਚ ਉੱਤਰੇ ਉਮੀਦਵਾਰਾਂ ਨੂੰ ਰਾਜਨੀਤਿਕ ਤੌਰ ’ਤੇ ਮਹਿੰਗਾ ਪੈ ਰਿਹਾ ਹੈ। ਆਮ ਲੋਕਾਂ ਵੱਲੋਂ ਆਪਣੇ ਸਿਆਸੀ ਮੁਫਾਦਾਂ ਨੂੰ ਪਾਸੇ ਰੱਖਦਿਆਂ ਜਿੰਦਾਬਾਦ ਮੁਰਦਾਬਾਦ ਦੇ ਰਸਤੇ ਪੈਣ ਨਾਲ ਭਾਜਪਾ ਵਿਰੋਧੀ ਮਾਹੌਲ ਗਰਮਾਇਆ ਹੋਇਆ ਹੈ।
ਅਜਾਦ ਚੋਣ ਲੜ ਰਿਹੈ ਜਿਲ੍ਹਾ ਪ੍ਰਧਾਨ
ਭਾਰਤੀ ਜੰਤਾ ਪਾਰਟੀ ਦਾ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਕਿਸਾਨੀ ਝੰਡਿਆਂ ਤੋਂ ਖਬਰਾ ਕੇ ਭੁੱਚੋ ਮੰਡੀ ਨਗਰ ਕੌਂਸਲ ਤੋਂ ਅਜਾਦ ਉਮੀਦਵਾਰ ਚੋਣ ਲੜ ਰਿਹਾ ਹੈ। ਇਵੇਂ ਹੀ ਬਠਿੰਡਾ ’ਚ ਇੱਕ ਔਰਤ ਉਮੀਦਵਾਰ ਵੀ ਅਜਾਦਾਨਾਂ ਤੌਰ ਤੇ ਮੈਦਾਨ ’ਚ ਉੱਤਰੀ ਹੈ। ਇਹਨਾਂ ਨੂੰ ਇਹੋ ਹੌਂਸਲਾ ਹੈ ਕਿ ਚੋਣ ਨਿਸ਼ਾਨ ਕਮਲ ਦਾ ਫੁੱੱਲ ਨਾਂ ਹੋਣ ਕਰਕੇ ਇਹਨਾਂ ਨੂੰ ਪ੍ਰਚਾਰ ’ਚ ਮੁਸ਼ਕਲ ਨਹੀਂ ਆ ਰਹੀ ਪਰ ਹਕੀਕਤ ਬਾਰੇ ਪਤਾ ਹੋਣ ਕਰਕੇ ਵੋਟਰਾਂ ਵੱਲੋਂ ਉਹਨਾਂ ਨੂੰ ਬਣਣਾ ਹੁੰਗਾਰਾ ਨਹੀਂ ਮਿਲ ਰਿਹਾ ਹੈ।
ਏਦਾਂ ਦੀਆਂ ਕਾਰਵਾਈਆਂ ਸ਼ਰਮਨਾਕ
ਭਾਜਪਾ ਦੇ ਜਿਲਾ ਮੀਤ ਪ੍ਰਧਾਨ ਅਸ਼ੋਕ ਬਾਲਿਆਂ ਵਾਲੀ ਦਾ ਕਹਿਣਾ ਸੀ ਕਿ ਔਰਤ ਉਮੀਦਵਾਰਾਂ ਦੇ ਪੋਸਟਰਾਂ ਤੇ ਕਾਲਖ ਫੇਰਨਾ ਅਤੇ ਫਲੈਕਸਾਂ ਪਾੜਨ ਦੀ ਕਾਰਵਾਈ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਕਿਸਾਨ ਅਜਿਹਾ ਕਰ ਹੀ ਨਹੀਂ ਸਕਦੇ ਇਹ ਤਾਂ ਕਾਂਗਰਸ ਹਾਰਦੀ ਹੋਣ ਕਾਰਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਬਾਰ ਬਾਰ ਸ਼ਕਾਇਤਾਂ ਦੇ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਲਟਾ ਬੀਜੇਪੀ ਦੇ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਖੇਤੀ ਕਾਨੂੰਨਾਂ ਦਾ ਖਮਿਆਜਾ ਭੁਗਤਦੀ ਭਾਜਪਾ
ਜਮਹੂਰੀ ਅਧਿਕਾਰ ਸਭਾ ਦੇ ਪ੍ਰਚਾਰ ਸਕੱਤਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਭਾਰਤੀ ਜੰਤਾ ਪਾਰਟੀ ਵੋਟਾਂ ਮੰਗਣ ਵੇਲੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਗੱਲ ਸਭ ਤੋਂ ਵੱਧ ਕਰਦੀ ਆ ਰਹੀ ਹੈ ਜਦੋਂ ਕਿ ਕਾਲੇ ਖੇਤੀ ਕਾਨੂੰਨ ,ਬਿਜਲੀ ਸੋਧ ਬਿੱਲ ਅਤੇ ਪਰਾਲੀ ਪ੍ਰਦੂਸ਼ਣ ਆਰਡੀਨੈਂਸ ਜਾਰੀ ਕਰਕੇ ਕਾਰਪੋਰੇਟ ਘਰਾਣਿਆਂ ਖਾਤਰ ਕਿਸਾਨਾਂ ਨੂੰ ਜੱਫੇ ਮਾਰੇ ਜਾ ਰਹੇ ਹਨ। ਉਹਨਾਂ ਦੋਸ਼ ਲਾਏ ਕਿ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਾਰਾ ਧਿਆਨ ਇਨਸਾਫ ਮੰਗਣ ਵਾਲੇ ਕਿਸਾਨਾਂ ਦੇ ਰਾਹ ਰੋਕਣ ਤੇ ਕੇਂਦਰਿਤ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਨੇ ਤਾਂ ਆਪਣੇ ਖਿਲਾਫ ਕੋਈ ਵੀ ਉੱਚੀ ਅਵਾਜ ਨਾਂ ਚੁੱਕਣ ਦੇਣ ਦੀ ਠਾਣੀ ਹੋਈ ਹੈ ਜਿਸ ਕਰਕੇ ਹੁਣ ਸਾਰੇ ਹੀ ਵਰਗ ਬੀਜੇਪੀ ਖਿਲਾਫ ਝੰਡਾ ਚੁੱਕੀ ਬੈਠੇ ਹਨ। ਲੋਕ ਆਖਦੇ ਹਨ ਕਿ ਇਸ ’ਚ ਕਿਸੇ ਦਾ ਦੋਸ਼ ਨਹੀਂ ਇਹ ਤਾਂ ਮੋਦੀ ਸਰਕਾਰ ਦੀ ਕਰਨੀ ਦਾ ਖਮਿਆਜਾ ਹੀ ਬੀਜੇਪੀ ਆਗੂਆਂ ਨੂੰ ਭੁਗਤਣਾ ਪੈ ਰਿਹਾ ਹੈ।
ਪੁਲਿਸ ਨੂੰ ਸਖਤੀ ਵਰਤਣ ਦੇ ਨਿਰਦੇਸ਼: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਪੋਸਟਰ ਪਾੜਨ ਜਾਂ ਕਾਲਖ ਫੇਰਨ ਵਰਗੀਆਂ ਘਟਨਾਵਾਂ ਰੋਕਣ ਲਈ ਸਮੂਹ ਥਾਣਿਆਂ ਨੂੰ ਸਖਤੀ ਵਰਤਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਹਨਾਂ ਆਖਿਆ ਕਿ ਪੁਲਿਸ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਕਾਰਵਾਈ ਕਰ ਰਹੀ ਹੈ। ਉਹਨਾਂ ਆਖਿਆ ਕਿ ਭਾਜਪਾ ਉਮੀਦਵਾਰਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ।