ਮਨਿੰਦਰਜੀਤ ਸਿੱਧੂ
ਜੈਤੋ, 11 ਜਨਵਰੀ, 2021 - ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਅੱਜ ਜੈਤੋ ਮੰਡੀ ਵਿਖੇ ਭਾਜਪਾ ਦੇ ਐਮ.ਸੀ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਹੋਕਾ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਪੰਜਾਬ ਕਿਸਾਨ ਯੂਨੀਅਨ ਨੇ ਸਾਂਝੇ ਤੌਰ ਤੇ ਬਜ਼ਾਰਾਂ ਅਤੇ ਗਲੀ ਮੁਹੱਲਿਆਂ ਵਿੱਚ ਰੋਸ ਮਾਰਚ ਕੀਤਾ।ਇਹ ਮਾਰਚ ਨਹਿਰੂ ਪਾਰਕ ਤੋਂ ਸ਼ੁਰੂ ਹੋ ਕੇ ਪੁਰਾਣੀ ਦਾਣਾ ਮੰਡੀ,ਰਾਮ ਲੀਲਾ ਗਰਾਉਂਡ,ਨਿਊ ਮਾਰਕਿਟ,ਚੈਨਾ ਬਜਾਰ, ਖਜ਼ਾਨਾ ਚੌਕ, ਬਿਸ਼ਨੰਦੀ ਬਜਾਰ, ਰੇਲਵੇ ਸਟੇਸ਼ਨ,ਬਾਜਾ ਰੋਡ, ਰਾਮਲੀਲਾ ਚੌਕ,ਬਾਜਾ ਚੌਂਕ ਤੋਂ ਹੁੰਦਾ ਹੋਇਆ ਬੱਸ ਸਟੈਂਡ ਚੌਂਕ ਚ ਜਾ ਕੇ ਖਤਮ ਹੋਇਆ।
ਇਸ ਦੌਰਾਨ ਕਿਸਾਨ ਆਗੂਆਂ ਸਰਦੂਲ ਸਿੰਘ ਕਾਸਮ ਭੱਟੀ, ਨਛੱਤਰ ਸਿੰਘ ਜੈਤੋ, ਗੁਰਜੀਤ ਸਿੰਘ ਜੈਤੋ, ਭਜਨ ਸਿੰਘ ਡਿੰਗੀ ਅਤੇ ਕਸ਼ਮੀਰ ਸਿੰਘ ਰੋੜੀ ਕਪੂਰਾ ਨੇ ਸੰਬੋਧਨ ਕਰਦਿਆਂ ਕਿਹਾ ਹੈ ਸਾਡੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਦੁਸਮਣੀ ਨਹੀਂ। ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਕਾਰਨ ਭਾਜਪਾ ਦੇ ਸਾਰੇ ਉਮੀਦਵਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ।
ਜੈਤੋ ਦੇ ਸੂਝਵਾਨ ਵੋਟਰਾਂ ਨੂੰ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਕੇ ਸਬਕ ਸਿਖਾਉਣ ਦੀ ਬੇਨਤੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਜੈਤੋ ਨਿਵਾਸੀ ਇਸ ਚੱਲ ਰਹੇ ਜਨ ਅੰਦੋਲਨ ਵਿੱਚ ਵੱਧ ਚੜ੍ਹ ਕੇ ਕਿਸਾਨ ਆਗੂਆਂ ਦਾ ਸਾਥ ਦਿੰਦੇ ਰਹੇ ਹਨ ਉਸੇ ਤਰ੍ਹਾਂ ਸਾਡੀ ਇਸ ਅਪੀਲ ਨੂੰ ਵੀ ਭਰਵਾਂ ਸਮਰਥਨ ਦੇਣਗੇ ਅਤੇ ਕਮਲ ਦੇ ਨਿਸ਼ਾਨ ਵਾਲੇ ਸਾਰੇ ਉਮੀਦਵਾਰਾਂ ਨੂੰ ਹਰਾਉਣਗੇ।ਇਸ ਮਾਰਚ ਵਿੱਚ ਤਿੰਨਾਂ ਕਿਸਾਨ ਜੱਥੇਬੰਦੀਆਂ ਦੇ ਸਾਰੇ ਆਗੂਆਂ ਤੋਂ ਇਲਾਵਾ ਬਹੁਤ ਸਾਰੇ ਹੋਰ ਜਾਗਦੀ ਜ਼ਮੀਰ ਵਾਲੇ ਲੋਕ ਸਾਮਲ ਹੋਏ।ਸ਼ਹਿਰ ਨਿਵਾਸੀਆਂ ਨੇ ਵੀ ਭਰਵੀਂ ਹਮਾਇਤ ਦਿੰਦੇ ਹੋਏ ਚਾਹ ਦਾ ਲੰਗਰ ਲਗਾਇਆ।