ਨਵਾਂ ਸ਼ਹਿਰ, 23 ਮਾਰਚ 2020 - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਵਿਡ -19 (ਕਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਿਨੈ ਬਬਲਾਨੀ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਅੱਜ ਮਿਤੀ 23 ਮਾਰਚ, 2020 ਬਾਅਦ ਦੁਪਹਿਰ 2 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਕਰਫ਼ਿਊ ਦੌਰਾਨ ਲੋਕਾਂ ਦੇ ਘਰ ‘ਚੋ ਬਾਹਰ ਆਉਣ, ਗਲੀ, ਰੋਡ ਜਾਂ ਕਿਸੇ ਜਨਤਕ ਥਾਵਾਂ ਆਦਿ ‘ਤੇ ਆਉਣ ਦੀ ਸਖਤ ਮਨਾਹੀ ਹੋਵੇਗੀ।
ਇਹ ਹੁਕਮ ਵਰਦੀਧਾਰੀ ਪੁਲਿਸ ਮੁਲਾਜ਼ਮਾਂ, ਵਰਦੀਧਾਰੀ ਸੈਨਿਕ ਤੇ ਅਰਧ ਸੈਨਿਕ ਬਲਾਂ, ਹੋਮ ਗਾਰਡ ਜੁਆਨਾਂ, ਮੈਡੀਕਲ ਸਟਾਫ, ਡਿਪਟੀ ਕਮਿਸ਼ਨਰ/ ਉਪ ਮੰਡਲ ਮੈਜਿਸਟ੍ਰੇਟ/ ਤਹਿਸੀਲ ਦਫ਼ਤਰ ਦੇ ਡਿਊਟੀ ਤੇ ਚਲ ਰਹੇ ਕਰਮਚਾਰੀਆਂ, ਹਸਪਤਾਲ/ ਨਰਸਿੰਗ ਹੋਮ, ਪੈਟਰੋਲ/ਡੀਜ਼ਲ ਪੰਪ, ਡਿਪਟੀ ਕਮਿਸ਼ਨਰ ਦੇ ਹੁਕਮਾਂ ਨਾਲ ਫ਼ੀਲਡ ਚ ਕੋਰੋਨਾ ਵਾਇਰਸ ਰੋਕਥਾਮ/ਸਰਵੇਖਣ ਡਿਊਟੀ ਤੇ ਤਾਇਨਾਤ ਸਟਾਫ਼ ਅਤੇ ਜ਼ਿਲ੍ਹਾ ਮੈਜਿਸਟਰੇਟ/ ਵਧੀਕ ਜ਼ਿਲ੍ਹਾ ਮੈਜਿਸਟਰੇਟ/ਉਪ ਮੰਡਲ ਮੈਜਿਸਟ੍ਰੇਟ ਵਲੋਂ ਜਾਰੀ ਪਰਮਿਟ ਧਾਰਕਾਂ ‘ਤੇ ਲਾਗੂ ਨਹੀਂ ਹੋਣਗੇ।